ਪੱਤਰ ਪ੍ਰੇਰਕ
ਪਾਤੜਾਂ, 6 ਅਗਸਤ
ਹਲਕਾ ਸੁਤਰਾਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਕਰੀਬ 8/10 ਫੁੱਟ ਉੱਚੇ ਬਣਨ ਵਾਲੇ ਜੰਮੂ-ਕੱਟੜਾ ਐਕਸਪ੍ਰੈੱਸਵੇਅ ਨੇ ਲੋਕਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਘੱਗਰ, ਮੋਮੀਆਂ ਡਰੇਨ ਅਤੇ ਹੋਰ ਨਾਲਿਆਂ ਦੀ ਮਾਰ ਝੱਲਦੇ ਕਿਸਾਨਾਂ ਨੇ ਮਿੱਟੀ ਨਾਲ ਬਣਦੇ ਉਕਤ ਹਾਈਵੇਅ ਦਾ ਵਿਰੋਧ ਕਰਦਿਆਂ ਇਸ ਨੂੰ ਪਿੱਲਰਾਂ ’ਤੇ ਬਣਾਉਣ ਦੀ ਮੰਗ ਕੀਤੀ ਹੈ। ਹਲਕੇ ਦੇ ਕਿਸਾਨਾਂ ਨੇ ਰੋਸ ਜਤਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਦਰਜਨਾਂ ਪਿੰਡਾਂ ਨੂੰ ਡੁੱਬਣ ਤੋਂ ਬਚਾਉਣ ਲਈ ਮਜਬੂਰਨ ਸੰਘਰਸ਼ ਦਾ ਰਾਹ ਤਿਆਰ ਕਰਨਾ ਪਵੇਗਾ ।
ਸਰਪੰਚ ਚਿਮਨ ਲਾਲ ਰਸੌਲੀ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਹਰਪਾਲ ਸਿੰਘ, ਜੀਓਜੀ ਨਫੇ ਸਿੰਘ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਇਹ ਹੜ੍ਹ ਪ੍ਰਭਾਵਿਤ ਸ਼ੁਤਰਾਣਾ, ਰਸੌਲੀ, ਕਰਤਾਰਪੁਰ, ਮੋਮੀਆ, ਝੀਲ, ਭੂੰਡਥੇਹ, ਸਧਾਰਨ ਪੁਰ ਆਦਿ ਪੰਜਾਬ ਹਰਿਆਣਾ ਦੇ ਦਰਜਨਾਂ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰ ਸਰਕਾਰ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਭੇਜ ਕੇ ਦੋ ਕਿਲੋਮੀਟਰ ਤੋਂ ਵੱਧ ਹਾਈਵੇਅ ਪਿਲਰਾਂ ਤੇ ਬਣਾਇਆ ਜਾਵੇ। ਉਨ੍ਹਾਂ ਕਿਹਾ ਹੈ ਕਿ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ।