ਪੱਤਰ ਪ੍ਰੇਰਕ
ਦੇਵੀਗੜ੍ਹ 27 ਜੂਨ
ਬਰਸਾਤੀ ਸੀਜ਼ਨ ਸਿਰ ਉੱਤੇ ਹੋਣ ਕਰਕੇ ਸੀਪੀਆਈ (ਐੱਮ) ਦੇ ਆਗੂਆਂ ਨੇ ਵਫਦ ਰਾਹੀਂ ਐੱਸਡੀਐੱਮ (ਪਟਿਆਲਾ) ਅਰਵਿੰਦ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਕਾਮਰੇਡ ਗੁਰਮੀਤ ਸਿੰਘ ਛੱਜੂਭੱਟ ਦੀ ਅਗਵਾਈ ਵਿੱਚ ਮਿਲੇ ਇਸ ਵਫਦ ਨੇ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਅਜੇ ਤੱਕ ਘੱਗਰ ਦਰਿਆ, ਟਾਂਗਰੀ ਨਦੀ, ਮਾਰਕੰਡਾ, ਪਟਿਆਲਾ ਨਦੀ ਅਤੇ ਮੀਰਾਂਪੁਰ ਚੋਅ ਦੀ ਸਾਫ ਸਫਾਈ ਦਾ ਯੋਗ ਪ੍ਰਬੰਧ ਨਹੀਂ ਕੀਤਾ ਗਿਆ। ਨਦੀਆਂ ਦੇ ਕੰਢੇ ਮਜ਼ਬੂਤ ਨਹੀਂ ਹੋਏ ਤੇ ਪੁਲਾਂ ਦੇ ਕੋਲ ਬੰਨ੍ਹੇ ਕਮਜ਼ੋਰ ਹਨ।
ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਦੱਸਿਆ ਕਿ ਐੱਸਡੀਐੱਮ ਅਰਵਿੰਦ ਕੁਮਾਰ ਨੇ ਵਫਦ ਦੇ ਆਗੂਆਂ ਦੀ ਗੱਲ ਸੁਣੀ ਤੇ ਇਹ ਸਾਰੀਆਂ ਮੰਗਾਂ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਰੱਖਣ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿ ਨਦੀ ਨਾਲਿਆਂ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਆਰੰਭ ਦਿੱਤਾ ਜਾਵੇਗਾ। ਵਫਦ ਵਿੱਚ ਜੈ ਰਾਮ ਭਾਨਰਾ, ਹੰਸ ਰਾਜ ਭਾਨਰਾ, ਨਿਹਾਲ ਸਿੰਘ ਤੇ ਕਾਕਾ ਸਿੰਘ ਕੋਟ ਕਲਾਂ ਆਦਿ ਵੀ ਹਾਜ਼ਰ ਸਨ।