ਖੇਤਰੀ ਪ੍ਰਤੀਨਿਧ
ਪਟਿਆਲਾ, 5 ਸਤੰਬਰ
ਡੈਮੋਕ੍ਰੈਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ ਪਿੰਡਾਂ ਵਿਚ ਕਮੇਟੀਆਂ ਬਣਾਉਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਪਟਿਆਲਾ ਨੇੜਲੇ ਪਿੰਡ ਚਲੈਲਾ ਵਿੱਚ ਮਨਰੇਗਾ ਵਰਕਰਾਂ ਦੀ ਮੀਟਿੰਗ ਹੋਈ। ਇਸ ਦੌਰਾਨ 13 ਮੈਂਬਰੀ ਕਮੇਟੀ ਬਣਾਈ ਗਈ ਅਤੇ ਸਿਮਰਨਜੀਤ ਕੌਰ ਨੂੰ ਪ੍ਰਧਾਨ ਚੁਣਿਆ। ਜਦਕਿ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਕੌਰ, ਮੀਤ ਪ੍ਰਧਾਨ ਕਰਨੈਲ ਕੌਰ ਤੇ ਬਲਵੀਰ ਕੌਰ, ਜਨਰਲ ਸਕੱਤਰ ਕੁਲਵੰਤ ਕੌਰ, ਸਹਾਇਕ ਸਕੱਤਰ ਸੁਖਵਿੰਦਰ ਕੌਰ ਤੇ ਬਲਵੀਰ ਕੌਰ, ਪ੍ਰੈੱਸ ਸਕੱਤਰ ਸੋਨਾ ਰਾਣੀ, ਖਜ਼ਾਨਚੀ ਜਸਪਾਲ ਕੌਰ, ਸਕੱਤਰ ਚਰਨਜੀਤ ਕੌਰ ਤੇ ਕੁਲਵੰਤ ਕੌਰ ਸਮੇਤ ਜਨਕ ਰਾਜ ਤੇ ਸੁਰਜੀਤ ਕੌਰ ਦੀ ਮੈਂਬਰਾਨ ਵਜੋਂ ਚੋਣ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲਾਡੀ ਨੇ ਕਿਹਾ ਕਿ ਅਫ਼ਸਰਸ਼ਾਹੀ ਦੀਆਂ ਆਪ ਹੁਦਰੀਆਂ ਅਤੇ ਲਾਪ੍ਰਵਾਹੀ ਕਾਰਨ ਪੰਜਾਬ ਅੰਦਰ ਮਨਰੇਗਾ ਨੂੰ ਵੀ ਫੇਲ੍ਹ ਕਰਨ ਦੀ ਵਾਹ ਲਾਈ ਜਾ ਰਹੀ ਹੈ। ਦੇਸ਼ ’ਚ ਇਕਲੌਤੀ ਮਨਰੇਗਾ ਹੀ ਹੈ, ਜੋ ਪਿੰਡਾਂ ਦੇ ਮਜ਼ਦੂਰਾਂ ਨੂੰ ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਕਰਦੀ ਹੈ।