ਖੇਤਰੀ ਪ੍ਰਤੀਨਿਧ
ਪਟਿਆਲਾ 27 ਨਵੰਬਰ
ਡੈਮੋਕ੍ਰੇਟਿਕ ਮਨਰੇਗਾ ਫਰੰਟ (ਡੀਐੱਮਐੱਫ) ਵੱਲੋਂ ਪਟਿਆਲਾ ਵਿੱਚ 28 ਨਵੰਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਕਾਨਫਰੰਸ ਦੀ ਤਿਆਰੀ ਲਈ ਪਿੰਡਾਂ ਰੱਖੜਾ, ਨਵਾਂ ਰੱਖੜਾ, ਬੀਬੀਪੁਰ, ਕਲਿਆਣ ਕਾਠਮੱਠੀ ਚਲੈਲਾ ਵਿੱਚ ਮਨਰੇਗਾ ਕਾਮਿਆਂ ਵੱਲੋਂ ਲਿਖਤੀ ਕੰਮ ਦੀਆਂ ਅਰਜ਼ੀਆਂ ਦੇਣ, ਕੰਮ ਨਾ ਦੇਣ ’ਤੇ ਬੇਰੁਜ਼ਗਾਰੀ ਭੱਤਾ ਦੇਣ ਅਤੇ ਪਿੰਡਾਂ ਵਿੱਚ ਮਨਰੇਗਾ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ।
ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲਾਡੀ ਨੇ ਕਿਹਾ ਕਿ ਮਨਰੇਗਾ ਪੇਂਡੂ ਮਜ਼ਦੂਰਾਂ ਨੂੰ ਸੌ ਦਿਨ ਦੇ ਰੁਜ਼ਗਾਰ ਦੀ ਸੰਵਿਧਾਨਕ ਗਾਰੰਟੀ ਮਿਲੀ ਹੈ ਪ੍ਰੰਤੂ ਅਜੇ ਤੱਕ ਬੂਰ ਨਹੀਂ ਪਿਆ। ਇਸ ਕਾਰਨ ਪੰਜਾਬ ਭਰ ਦੇ ਮਨਰੇਗਾ ਮਜ਼ਦੂਰ 28 ਨਵੰਬਰ ਨੂੰ ਨਵੀਂ ਅਨਾਜ ਮੰਡੀ ਪਟਿਆਲਾ ਵਿੱਚ ਇਕੱਠੇ ਹੋ ਕੇ ਦਲਿਤ ਮੁੱਖ ਮੰਤਰੀ ਨੂੰ ਇਹ ਸਵਾਲ ਪੁੱਛਣਗੇ ਕਿ, ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇ ਬਾਵਜੂਦ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਮੀਟਿੰਗਾਂ ਨੂੰ ਆਈਡੀਪੀ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਥੂਹੀ, ਦਰਸ਼ਨ ਸਿੰਘ ਧਨੇਠਾ, ਸੂਬਾ ਜਨਰਲ ਸਕੱਤਰ ਸੁਨੀਤਾ ਰਾਣੀ ਕੈਦੂਪੁਰ, ਰਾਜ ਕੌਰ ਥੂਹੀ ਹਰਪਾਲ ਕੌਰ ਲੁਬਾਣਾ ਤੇ ਕੁਲਦੀਪ ਕੌਰ ਖੁਰਦ ਆਦਿ ਨੇ ਵੀ ਸੰਬੋਧਨ ਕੀਤਾ।