ਪੱਤਰ ਪ੍ਰੇਰਕ
ਪਾਤੜਾਂ, 27 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਅੱਗੇ ਦੇਸ਼ ਭਰ ਵਿਚ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਅੱਤਿਆਚਾਰ ’ਤੇ ਕੇਂਦਰੀਕਰਨ ਦੀ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਕੱਤਰ ਹੋਏ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਮੀਤ ਨਾਈਵਾਲਾ ਤੇ ਕਾਲਜ ਕਨਵੀਨਰ ਦੀਪਕ ਰੰਗਾ ਤੇ ਦਵਿੰਦਰ ਛਬੀਲਪੁਰ ਨੇ ਕਿਹਾ ਕਿ ਚਾਰ ਸੂਬਿਆਂ ਵਿਚ ਚੋਣਾਂ ਜਿੱਤਣ ਤੋਂ ਬਾਅਦ ਮੋਦੀ ਹਕੂਮਤ ਵਲੋਂ ਫਿਰਕੂ ਧਰੁਵੀਕਰਨ ਨੂੰ ਤੇਜ਼ ਕਰਕੇ ਕਈ ਰਾਜਾਂ ਵਿੱਚ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਫ਼ਿਰਕੂ ਜ਼ਹਿਰ ਉਗਲਿਆ ਜਾ ਰਿਹਾ ਹੈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ, ਘਰਾਂ, ਦੁਕਾਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਭਾਜਪਾ ਫ਼ਿਰਕੂ ਵਿਚਾਰਧਾਰਾ ਨੂੰ ਹਵਾ ਦੇ ਕੇ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਨੂੰ ਜਿੱਤਣ ਦਾ ਆਧਾਰ ਬਣਾਉਣ ਲੱਗੀ ਹੋਈ ਹੈ ਪਰ ਦੇਸ਼ ਵਾਸੀ ਉਨ੍ਹਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਣਗੇ । ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਉੱਤੇ ਸੰਗੀਨ ਧਾਰਾਵਾਂ ਲਾ ਕੇ ਜੇਲ੍ਹਾਂ ਵਿੱਚ ਡੱਕਿਆ ਜਾਣ ਮੰਦਭਾਗਾ ਹੈ। ਇਸ ਮੌਕੇ ਰੇਨੂੰ, ਮਨਪ੍ਰੀਤ, ਰੇਖਾ, ਗੁਰਪ੍ਰੀਤ, ਪ੍ਰਵੀਨ, ਸ਼ਹਿਨਾਜ, ਰਮਨ, ਅਮਨ, ਪਰਦੀਪ, ਮਨਜੀਤ, ਅੰਮ੍ਰਿਤ, ਅਭਿਸ਼ੇਕ, ਹਨੀ, ਜੋਹਨੀ, ਰਾਹੁਲ, ਗੁਰਧਿਆਨ ਹਾਜ਼ਰ ਸਨ।