ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਜੁਲਾਈ
ਜਮਹੂਰੀ ਹੱਕਾਂ ਦੇ ਰਾਖੇ, ਦਲਿਤਾਂ ਅਤੇ ਆਦਿ ਵਾਸੀਆਂ ਦੇ ਮਸੀਹਾ ਫਾਦਰ ਸਟੈਨ ਸਵਾਮੀ ਦੇ ਦੇਹਾਂਤ ’ਤੇ ਜਮਹੂਰੀ ਅਧਿਕਾਰ ਸਭਾ ਪਟਿਆਲਾ ਵੱਲੋਂ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ‘ਜਮਹੂਰੀ ਅਧਿਕਾਰ ਸਭਾ ਦੇ ਅਹੁਦੇਦਾਰ ਵਿਧੂ ਸ਼ੇਖਰ ਭਾਰਦਵਾਜ, ਤਰਸੇਮ ਗੋਇਲ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਗੁਰਮੀਤ ਦਿੱਤੂਪਰ ਤੇ ਪ੍ਰੋ. ਬਾਵਾ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋਂ ਰਮਿੰਦਰ ਸਿੰਘ ਪਟਿਆਲਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਕਿਸਾਨ ਯੂਨੀਅਨ ਉਗਰਾਹਾਂ ਤੋਂ ਗੁਰਬੀਰ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਗੁਰਜੰਟ ਸਿੰਘ, ਪੀਆਰਐੱਸਯੂ ਤੋਂ ਸੰਦੀਪ ਕੌਰ, ਪੀਐੱਸਯੂ ਤੋਂ ਗੁਰਸੇਵਕ ਸਿੰਘ, ਬੁੱਧੀਜੀਵੀ ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਇਸ ਨੂੰ ਸਿਆਸੀ ਅਤੇ ਅਦਾਲਤੀ ਕਤਲ ਦੱਸਿਆ। ਇਸ ਮੌਕੇ ਜਨਕ ਮਾਜਰੀ, ਗੁਰਮੇਲ ਮਾਜਰੀ, ਜਸਦੇਵ ਨੂਗੀ, ਹਰਵਿੰਦਰ ਕਾਲਵਾ, ਪੰਮਾ ਪਨੌਦੀਆਂ, ਲੱਖਾ ਮੂਲੇਪੁਰੀਆ ਤੇ ਗੁਰਵਿੰਦਰ ਬੌੜਾਂ ਆਦਿ ਵੀ ਮੌਜੂਦ ਸਨ।
ਜ਼ਿਕਰਸੋਗ ਹੈ ਕਿ ਸਟੈਨ ਸਵਾਮੀ ਮੁੰਬਈ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਤੇ ਖਰਾਬ ਸਿਹਤ ਹੋਣ ਕਾਰਨ ਉਨ੍ਹਾਂ ਨੇ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਕੀਤੀ ਹੋਈ ਸੀ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਸਟੈਨ ਸਵਾਮੀ ਦੀ ਮੌਤ ਹੋ ਗਈ। ਬੰਬੇ ਹਾਈ ਕੋਰਟ ਨੇ ਵੀ ਸਟੈਨ ਸਵਾਮੀ ਦੀ ਮੌਤ ’ਤੇ ਦੁੱਖ ਜਤਾਉਦਿਆਂ ਇਸ ਨੂੰ ਮਨੁੱਖਤਾ ਲਈ ਇਕ ਝਟਕਾ ਦੱਸਿਆ ਹੈ। ਇਸੇ ਦੌਰਾਨ ਸਮਾਜ ਦੇ ਹਰ ਵਰਗ ਵਿੱਚ ਸਟੈਨ ਸਵਾਮੀ ਦੀ ਮੌਤ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ ਕਈ ਥਾਈਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।