ਸਰਬਜੀਤ ਭੰਗੂ
ਪਟਿਆਲਾ, 8 ਅਕਤੂਬਰ
ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸਬੰਧਤ ਜਥੇਬੰਦੀਆਂ ਅਤੇ ਕਰੋਨਾ ਯੋਧਿਆਂ ਨੇ ਅੱਜ ਇੱਥੇ ਜਲ ਸਰੋਤ ਵਿਭਾਗ ਭਾਖੜਾ ਮੇਨ ਲਾਈਨ ਸਰਕਲ ਦਫਤਰ ਕੰਪਲੈਕਸ ਵਿਖੇ ਕੀਤੀ ਗਈ ਇਕੱਤਰਤਾ ਦੌਰਾਨ ਲਖਮੀਰਪੁਰ ਖੀਰੀ ਵਿਖੇ ਵਾਪਰੀ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਅਤੇ ਇੱਕ ਪੱੱਤਰਕਾਰ ਨਮਿੱੱਤ ਦੋ ਮਿੰਟਾਂ ਦਾ ਮੌਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਜਿਸ ਦੌਰਾਨ ਇਸ ਘਟਨਾ ਨੂੰ ਲੈ ਕੇ ਮੋਦੀ, ਯੋਗੀ ਅਤੇ ਖੱਟਰ ਦੀ ਅਗਵਾਈ ਹੇਠਲੀਆਂ ਹਕੂਮਤਾਂ ਦੇ ਖਿਲ਼ਾਫ ਅਰਥੀ ਫੂਕ ਮੁਜਾਹਰਾ ਵੀ ਕੀਤਾ ਗਿਆ। ਸ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ ਚੌਥਾ ਦਰਜ਼ਾ ਮੁਲਾਜਮ ਯੂਨੀਅਨ ਦੇ ਸੂਬਾ ਪ੍ਰਧਾਨਅਤੇ ਫੈਡਰੇਸ਼ਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਸਮੇਤ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ, ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਮਾਧੋ ਲਾਲ, ਦਰਸ਼ਨ ਸਿੰਘ ਘੱਗਾ, ਹਰਬੰਸ ਸਿੰਘ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਗੁਰਦਰਸ਼ਨ ਸਿੰਘ, ਰਾਮ ਪ੍ਰਸਾਦ ਸਹੋਤਾ, ਸੂਰਜ ਪਾਲ ਯਾਦਵ, ਕਾਕਾ ਸਿੰਘ, ਅਮਰਨਾਥ ਨਰੜੂ, ਹਰਦਮ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਇਹ ਵੀ ਕਿਹਾ ਕਿ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿੱਚ ਮੰਗਾਂ ’ਤੇ ਸੁਣਵਾਈ ਨਾ ਕਰ ਕੇ ਸਾਂਝੇ ਫਰੰਟ ਦੇ ਪ੍ਰਮੁੱਖ ਆਗੂਆਂ ਦਾ ਨਿਰਾਦਰ ਕੀਤਾ ਹੈ, ਜਿਸ ਦੇ ਰੋਸ ਵਜੋਂ ਅੱਜ ਇਥੇ ਸਿੰਜਾਈ ਵਿਭਾਗ ਵਿਖੇ ਜੁੜੇ ਇਨ੍ਹਾਂ ਮੁਲਾਜ਼ਮਾ ਨੇ ਮੁੱਖ ਮੰਤਰੀ ’ਤੇ ਮੁਲਾਜ਼ਮ ਵਿਰੋਧੀ ਰਵੱਈਆ ਅਖਤਿਆਰ ਕਰਨ ਦੇ ਦੋਸ਼ ਲਾਉਂਦਿਆਂ, ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਵੀ ਕੀਤਾ।
ਦਰਸ਼ਨ ਸਿੰਘ ਲੁਬਾਣਾ ਅਤੇ ਹੋਰਾਂ ਬੁਲਾਰਿਆਂ ਨੇ ਮੁਲਾਜ਼ਮਾਂ ਦੀਆਂ ਕਈ ਸਾਂਝੀਆਂ ਮੰਗਾਂ ਉਠਾਉਂਦਿਆਂ ਇਨ੍ਹਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਆਗੂਆਂ ਨੇ ਨਵੇਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਹਰ ਵਰਗ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਮੇਤ ਮੁਲਾਜਮਾਂ ਦੇ ਹੋਰ ਸਮੂਹ ਲਟਕ ਅਵਸਥਾ ’ਚ ਪਏ ਮਸਲਿਆਂ ਦਾ ਨਿਪਟਾਰਾ ਵੀ ਕਰਨ।