ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੁਲਾਈ
ਵੱਖ ਵੱਖ ਵਿਭਾਗਾਂ ਦੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਵਿੱਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਪੱਤਰ ਦੇ ਹਵਾਲੇ ਰਾਹੀਂ ਸਿੰਜਾਈ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਰਮਚਾਰੀਆਂ ਨੂੰ ਕਥਿਤ ਨਿਕੰਮੇ ਕਹਿਣ ਵਾਲਾ ਪੱਤਰ ਵੀ ਸਾੜਿਆ ਗਿਆ। ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਗੁਰਦਰਸ਼ਨ ਸਿੰਘ ਤੇ ਸੂਰਜ ਪਾਲ ਯਾਦਵ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਰਾਹਤ ਦੇਣ ਦੀ ਬਜਾਏ ਲਗਾਤਾਰ ਸ਼ੋਸ਼ਣ ਕਰ ਰਹੀ ਹੈ। ਨਹਿਰਾਂ ਤੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਲਗਾਤਾਰ ਘਾਟ ਵਧ ਰਹੀ ਹੈ। ਵਿਭਾਗ ਦਾ ਪੁਨਰਗਠਨ ਕਰਕੇ ਹਜ਼ਾਰਾਂ ਅਸਾਮੀਆਂ ਦਾ ਖ਼ਾਤਮਾ ਪਹਿਲੀਆਂ ਸਰਕਾਰਾਂ ਕਰ ਗਈਆਂ ਹਨ। ਜੇਕਰ ਕਾਮਿਆਂ ਨੂੰ ਨਿਕੰਮਾ ਕਹਿਣ ਵਾਲੇ ਪੱਤਰ ਦੀ ਵਾਪਸੀ ਨਾ ਹੋਈ ਤਾਂ ਅਗਲੀ ਪੱਤਰ ਫੂਕ ਰੈਲੀ 13 ਜੁਲਾਈ ਨੂੰ ਭਾਖੜਾ ਮੇਨ ਲਾਈਨ ਸਰਕਲ ਕੰਪਲੈਕਸ ਵਿੱਚ ਕੀਤੀ ਜਾਵੇਗੀ, ਜਿੱਥੇ ਸਰਕਾਰ ਅਤੇ ਵਿਭਾਗ ਨਾਲ ਸਬੰਧਿਤ ਮੰਗਾਂ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਵਿੱਚ ਆ ਰਹੀ ਖੜੋਤ ਦਾ ਮਾਮਲਾ ਉਠਾਇਆ ਜਾਵੇਗਾ। ਇਸ ਮੌਕੇ ਰਾਮ ਲਾਲ ਰਾਮਾ, ਇੰਦਰਪਾਲ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਹਰਜਿੰਦਰ ਸਿੰਘ, ਉਂਕਾਰ ਸਿੰਘ, ਰਾਮ ਪ੍ਰਸਾਦ ਸਹੋਤਾ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸੈਣੀ (ਕਾਕਾ), ਹਰਦੀਪ ਸਿੰਘ ਸੈਣੀ ਪ੍ਰਧਾਨ, ਹਰਜੀਤ ਸਿੰਘ ਡਰਾਈਵਰ, ਅਨਿਲ ਕੁਮਾਰ ਡਰਾਈਵਰ ਡਰੇਨਜ਼ ਸਰਕਲ, ਹਰਜੀਤ ਸਿੰਘ ਡਰਾਈਵਰ ਬੀ.ਐੱਮ.ਐੱਲ., ਭਿੰਦਰ ਸਿੰਘ ਭਵਾਨੀਗੜ੍ਹ, ਸੋਨੀ ਸਿੰਘ ਨਦਾਮਪੁਰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।