ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਦਸੰਬਰ
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਦਫ਼ਤਰ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਸੇਵਾਮੁਕਤ ਡੀਐੱਸਪੀ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਸਿਆਤਦਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਪੁਲੀਸ ਅਧਿਕਾਰੀਆਂ ਦਾ ਅਪਮਾਨ ਕਰਨਾ ਛੱਡ ਦੇਣ, ਕਿਉਂਕਿ ਅਜਿਹਾ ਅਪਮਾਨ ਅਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਦੌਰ ’ਚ ਪੰਜਾਬ ਪੁਲੀਸ ਮੁਲਾਜ਼ਮਾਂ ਨੇ ਸ਼ਹੀਦੀਆਂ ਪਾ ਕੇ ਸਿਆਸਤਦਾਨਾਂ ਨੂੰ ਬਚਾਇਆ ਤੇ ਹੁਣ ਸਿਆਸਤਦਾਨਾਂ ਨੂੰ ਪੰਜਾਬ ਪੁਲੀਸ ਸੁਰੱਖਿਆ ਪ੍ਰਦਾਨ ਕਰ ਰਹੀ ਹੈ, ਪਰ ਸਿਆਸਤਦਾਨਾਂ ਵੱਲੋਂ ਵਾਰ-ਵਾਰ ਨਿੰਦਣਯੋਗ ਸ਼ਬਦਾਵਲੀ ਵਰਤ ਕੇ ਪੰਜਾਬ ਪੁਲੀਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨਿੰਦਾ ਕਰਦੀ ਹੋਈ ਚਿਤਾਵਨੀ ਦਿੰਦੀ ਹੈ ਕਿ ਅਗਾਮੀ ਚੋਣਾਂ ’ਚ ਅਜਿਹੇ ਸਿਆਤਸਦਾਨਾਂ ਦਾ ਬਾਈਕਾਟ ਕੀਤਾ ਜਾ ਸਕਦਾ ਹੈ, ਜੋ ਪੁਲੀਸ ਅਧਿਕਾਰੀਆਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਸਿਆਸੀ ਮਸਲਿਆਂ ਤੋਂ ਬਾਹਰ ਰਹਿਣਾ ਚਾਹੁੰਦੀ ਹੈ, ਪਰ ਅਜਿਹੇ ਲੀਡਰ ਪੁਲੀਸ ਨੂੰ ਸਿਆਸਤ ’ਚ ਘੜੀਸ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਪੁਲੀਸ ਦੀ ਡਿਊਟੀ ਨਿਭਾ ਰਹੇ ਮੁਲਾਜ਼ਮਾਂ ’ਚ ਕਾਫੀ ਰੋਸ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਉੱਚ ਅਧਿਕਾਰੀ ਗੁਰਨਾਮ ਸਿੰਘ ਮਹਿਰਾ, ਸਾਬਕਾ ਡੀਐਸਪੀ ਨਾਹਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਮੱਲ੍ਹੀ, ਇੰਸਪੈਕਟਰ ਅਮਰਜੀਤ ਸਿੰਘ ਗਿੱਲ, ਇੰਸਪੈਕਟਰ ਸੁਖਵੰਤ ਸਿੰਘ ਆਦਿ ਹਾਜ਼ਰ ਸਨ।