ਨਿੱਜੀ ਪੱਤਰ ਪ੍ਰੇਰਕ
ਸਮਾਣਾ, 5 ਅਕਤੂਬਰ
ਜੇਈ ਦੀ ਨਾਜਾਇਜ਼ ਬਦਲੀ ਦੇ ਵਿਰੋਧ ’ਚ ਬਿਜਲੀ ਕਰਮਚਾਰੀਆਂ ਵੱਲੋਂ ਸਮਾਣਾ 66 ਕੇ.ਵੀ. ਗੱਰਿਡ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਪੀਐਸਪੀਸੀਐਲ ਮੈਨੇਜਮੈਂਟ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੌਂਸਲ ਆਫ਼ ਜੂਨੀਅਰ ਇੰਜਨੀਅਰ ਪੀਐਸਈਬੀ ਦੇ ਪ੍ਰਧਾਨ ਸਾਹਿਲ ਚੌਹਾਨ, ਗੁਰਮੀਤ ਸਿੰਘ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਆਦਿ ਨੇ ਕਿਹਾ ਕਿ ਪੀਐਸਪੀਸੀਐਲ ਮੈਨੇਜਮੈਂਟ ਵੱਲੋਂ ਮੀਟਰਾਂ ਦੀ ਖਰੀਦ ਵਿਚ ਦੇਰੀ ਕਾਰਨ ਕੁਝ ਖ਼ਪਤਕਾਰਾਂ ਦੇ ਬਿਜਲੀ ਮੀਟਰ ਲੱਗਣ ਵਿਚ ਦੇਰੀ ਹੋਈ ਹੈ ਜਦੋਂਕਿ ਪੀਐਸਪੀਸੀਐਲ ਨੇ ਖ਼ਪਤਕਾਰਾਂ ਦੇ ਬਿਜਲੀ ਮੀਟਰ ਲਗਾਉਣ ਵਿਚ ਦੇਰੀ ਦਾ ਹਵਾਲਾ ਦੇ ਕੇ ਹੀ ਉਨ੍ਹਾਂ ਦੀ ਬਦਲੀ ਕੀਤੀ ਹੈ ਜਦੋਂਕਿ ਇਹ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਦਬਾਅ ਅਧੀਨ ਕੁੱਝ ਮੀਟਰ ਜ਼ਰੂਰ ਸੀਨੀਆਰਟੀ ਲੂਜ਼ ਕਰਕੇ ਲਗਾਏ ਗਏ ਹਨ ਪ੍ਰੰਤੂ ਇਸ ਵਿਚ ਵੀ ਜੇਈ ਦਾ ਕੋਈ ਕਸੂਰ ਨਹੀਂ। ਇਹ ਸਭ ਕੁਝ ਅਧਿਕਾਰੀਆਂ ਦੇ ਕਹਿਣ ’ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਧੱਕੇਸ਼ਾਹੀ ਨਾਲ ਕੀਤੀ ਇਹ ਬਦਲੀ ਤੁਰੰਤ ਰੱਦ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ। ਇਸ ਮੌਕੇ ਜਸ਼ਨਪ੍ਰੀਤ ਸਿੰਘ, ਜਗਦੀਪ ਸਿੰਘ, ਬਲਰਾਜਵਿੰਦਰ ਸਿੰਘ, ਚਮਕੌਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ।