ਪਟਿਆਲਾ (ਗੁਰਨਾਮ ਸਿੰਘ ਅਕੀਦਾ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਇੱਥੇ ਵਣ ਪਾਲ ਤੇ ਵਣ ਮੰਡਲ ਦਫ਼ਤਰਾਂ ਅੱਗੇ ਪੰਜ-ਪੰਜ ਦੇ ਗਰੁੱਪ ਬਣਾ ਕੇ ਇਕੱਤਰ ਹੋਏ ਮੁਲਾਜ਼ਮ ਆਗੂਆਂ ਤੇ ਡੈਲੀਵੇਜ਼ਿਜ਼ ਆਗੂਆਂ ਨੇ ਪੰਜਾਬ ਸਰਕਾਰ, ਜੰਗਲਾਤ ਵਿਭਾਗ ਤੇ ਨਿਗਮ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕਰਕੇ ਪਾਪਾਂ ਦੇ ਘੜੇ ਭੰਨੇ ਤੇ 17 ਜੁਲਾਈ ਨੂੰ ਜਾਰੀ ਪੱਤਰ ਨੂੰ ਫੁਕਿਆ। ਮੁਲਾਜ਼ਮ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ ਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਫ਼ਸਰਸ਼ਾਹੀ ਦੇ ਸੁਝਾਵਾਂ ਨਾਲ ਮੁੱਖ ਮੰਤਰੀ ਸਣੇ ਮੰਤਰੀ ਵੱਲੋਂ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਵਣ ਮੰਤਰੀ ਵੱਲੋਂ ਕੀਤੀਆਂ ਤਿੰਨ ਮੀਟਿੰਗਾਂ ’ਚ ਵਾਅਦੇ ਕਰਕੇ ਵੀ ਜੰਗਲਾਤ ਤੇ ਜੰਗਲਾਤ ਨਿਗਮ ਦੇ ਕਾਮੇ ਪੱਕੇ ਨਹੀਂ ਕੀਤੇ ਗਏ ਤੇ ਕੋਵਿਡ-19 ਦੀ ਮਹਾਮਾਰੀ ਦੌਰਾਨ ਚਾਰ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ।