ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 16 ਜੂਨ
ਸਨੌਰ ਖੇਤਰ ਦੇ ਪਿੰਡ ਕਾਹਨਾਹੇੜੀ ਵਿੱਚ ਬਣੇ ਪਿੱਗ ਫਾਰਮ ਤੋਂ ਫੈਲਦੀ ਬਦਬੋ ਤੋਂ ਪ੍ਰੇਸ਼ਾਨ ਪਿੰਡ ਦੇ ਲੋਕਾਂ ਨੇ ਅੱਜ ਪਿੰਡ ਵਿਚ ਹੀ ਰੋਸ ਪ੍ਰਦਰਸ਼ਨ ਕਰ ਕੇ ਇਸ ਪਿੱਗ ਫਾਰਮ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ|
ਸਾਬਕਾ ਸਰਪੰਚ ਨਾਜਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ ਤੇ ਕੁਲਵੰਤ ਸਿੰਘ ਸਣੇ ਹੋਰਾਂ ਦਾ ਕਹਿਣਾ ਸੀ ਕਿ ਪਿੰਡ ਦੇ ਵਿਚਕਾਰ ਇੱਕ ਵਿਅਕਤੀ ਨੇ ਘਰ ਅੰਦਰ ਹੀ ਪਿੱਗ ਫਾਰਮ ਸਥਾਪਤ ਕੀਤਾ ਹੋਇਆ ਹੈ| ਇਸ ਤੋਂ ਫੈਲਦੀ ਬਦਬੋ ਤੋਂ ਪਿੰਡ ਦੇ ਲੋਕ ਪ੍ਰੇਸ਼ਾਨ ਹਨ| ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਿੱਗ ਫਾਰਮ ਨੂੰ ਪਿੰਡ ਤੋਂ ਬਾਹਰ ਕਢਵਾਇਆ ਜਾਵੇ| ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇਸ ਸਬੰਧੀ ਉਹ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਨੂੰ ਵੀ ਲਿਖਤੀ ਬੇਨਤੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਬੇਨਤੀ ’ਤੇ ਅਮਲ ਨਹੀਂ ਕੀਤਾ ਗਿਆ| ਇਸ ਲਈ ਜੇ ਲੋੜ ਪਈ ਤਾਂ ਪਿੰਡ ਵਾਸੀ ਬੋਰਡ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ| ਭੁਨਰਹੇੜੀ ਦੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਕਿ ਇਸ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਲਈ ਪੁਲੀਸ ਨੂੰ ਭੇਜੀ ਹੋਈ ਹੈ| ਇਸੇ ਬਾਰੇ ਪਿੱਗ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਕੋਲ ਹੋਰ ਕੋਈ ਕੰਮ ਨਹੀਂ ਹੈ ਅਤੇ ਨਾ ਹੀ ਉਸ ਵਿਚ ਪਿੱਗ ਫਾਰਮ ਨੂੰ ਪਿੰਡ ਤੋਂ ਬਾਹਰ ਸਥਾਪਤ ਕਰਨ ਦੀ ਸਮਰੱਥਾ ਹੈ|