ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘ
ਪਾਤੜਾਂ/ਘੱਗਾ, 17 ਅਕਤੂਬਰ
ਹਲਕਾ ਸ਼ੁਤਰਾਣਾ ਦੇ ਪਿੰਡ ਬਾਦਸ਼ਾਹਪੁਰ ਦੇ ਗ਼ਰੀਬ ਪਰਿਵਾਰਾਂ ’ਚ ਆਟਾ ਦਾਲ ਸਕੀਮ ਦੇ ਕਾਰਡ ਨਾ ਬਣਨ ਕਾਰਨ ਰੋਸ ਹੈ। ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਜੇ ਉਨ੍ਹਾਂ ਸੁਣਵਾਈ ਨਾ ਹੋਈ ਤਾਂ ਉਹ 25 ਅਕਤੂਬਰ ਤੋਂ ਨੰਗੇ ਪੈਰੀ ਮੁੱਖ ਮੰਤਰੀ ਦੇ ਨਿਵਾਸ ਵੱਲ ਪੈਦਲ ਯਾਤਰਾ ਕਰਨਗੇ। ਪਿੰਡ ਦੀ ਸਰਪੰਚ ਅਮਨਦੀਪ ਕੌਰ ਦੀ ਅਗਵਾਈ ਵਿਚ ਜੁੜੇ ਇਕੱਠ ਦੌਰਾਨ ਗ਼ਰੀਬ ਪਰਿਵਾਰਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਕਿ ਸਰਕਾਰ ਵੱਲੋਂ ਪਿੰਡ ਦੇ ਕਰੀਬ 150 ਬੇਜ਼ਮੀਨੇ ਪਰਿਵਾਰਾਂ ਦੇ ਆਟਾ ਦਾਲ ਕਾਰਡ ਨਹੀਂ ਬਣਾਏ ਜਾ ਰਹੇ। ਉਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ ਜਦਕਿ ਜ਼ਮੀਨਾਂ ਵਾਲੇ ਸਰਕਾਰ ਦੀ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਆਟਾ ਦਾਲ ਸਕੀਮ ਦੇ ਫਾਰਮ ਸਮਾਣਾ ਦੇ ਫੂਡ ਸਪਲਾਈ ਦਫਤਰ ਲਟਕੇ ਪਏ ਹਨ ਅਤੇ ਕਈ ਹੋਰ ਸਮਸਿਆਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਟਸਐੱਪ ਉਤੇ ਵੀ ਪਾਈਆਂ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਚੈੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇ ਜਲਦ ਕਾਰਵਾਈ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਦੇ ਘਰ ਤਕ ਪੈਦਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਇਕੱਠ ਵਿਚ ਵੱਡੀ ਗਿਣਤੀ ਜੁੜੀਆਂ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚੋਂ ਉਹ ਬੱਲੀਆਂ ਚੁਗਦੀਆਂ ਹਨ ਉਹ ਲੋਕ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ ਜਦਕਿ ਲੋੜਵੰਦ ਲੋਕ ਇਸ ਸਕੀਮ ਤੋਂ ਵਾਂਝੇ ਹਨ। ਇਸ ਮੌਕੇ ਪੰਜ ਧੀਆਂ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਉਨ੍ਹਾਂ ਨੂੰ ਕਣਕ ਨਹੀਂ ਮਿਲ ਰਹੀ। ਆਸਾ ਰਾਣੀ ਅਤੇ ਕਾਕੋ ਦਾ ਪਤੀ ਬਿਮਾਰ ਹੈ ਜਦਕਿ ਸੁਖਵਿੰਦਰ ਕੌਰ ਦੇ ਕਮਰੇ ਦੀ ਉੱਡੀ ਛੱਤ ਦਾ ਮੁਆਵਜਾ ਵੀ ਨਹੀਂ ਮਿਲਿਆ। ਮਮਤਾ, ਸੁਖਵਿੰਦਰ, ਕਿੰਦੂ, ਰਾਜਵਿੰਦਰ ਕੌਰ, ਹਰਜੀਤ ਕੌਰ, ਖਜਾਨੋ ਨੇ ਦੱਸਿਆ ਕਿ ਕਿਸੇ ਗਰੀਬ ਪਰਿਵਾਰ ਨੂੰ ਕਣਕ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਇਸ ਸਾਲ ਤੂਫਾਨ ਕਾਰਨ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ। ਇਕੱਤਰ ਮਹਿਲਾਵਾਂ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਹੱਕ ਨਾ ਮਿਲੇ ਤਾਂ ਉਹ ਕਿਸੇ ਲੀਡਰ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਮਹਿਲਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਕੋਲ ਪਹੁੰਚ ਕਰ ਚੁੱਕੇ ਹਨ ਪਰ ਕਿਸੇ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਉਹ ਫੂਡ ਸਪਲਾਈ ਮਹਿਕਮਾ ਸਮਾਣਾ ਕੋਲ ਵੀ ਪਹੁੰਚ ਕਰ ਚੁਕੇ ਹਨ ਪਰ ਕਿਤੇ ਸੁਣਵਾਈ ਨਹੀਂ ਹੈ।