ਖੇਤਰੀ ਪ੍ਰਤੀਨਿਧ
ਪਟਿਆਲਾ, 15 ਨਵੰਬਰ
ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਵੱਲੋਂ ਇਨਕੁਆਰੀ ਰਿਪੋਰਟਾਂ ਨੂੰ ਲੈ ਕੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਦੇ ਹਰ ਖੇਤਰਾਂ ’ਚ ਵੀ ਆਪਣੀਆਂ ਮੰਗਾਂ ’ਤੇ ਆਧਾਰਤ ਤਖਤੀਆਂ ਫੜ ਕੇ ਪ੍ਰਦਰਸ਼ਨ ਅਤੇ ਮਾਰਚ ਕੀਤਾ। ਤਰਕ ਸੀ ਕਿ ਵੱਖ ਵੱੱਖ ਪੱਧਰ ਦੇ ਘੁਟਾਲਿਆਂ ਨਾਲ਼ ਸਬੰਧਤ ਫਾਈਲਾਂ ਪਿਛਲੇ ਕਈ ਸਾਲਾਂ ਤੋਂ ਬਾਹਰ ਨਹੀਂ ਕੱਢੀਆਂ ਗਈਆਂ ਜਿਸ ਕਰਕੇ ਹੁਣ 18 ਨਵੰਬਰ ਨੂੰ ਹੋ ਰਹੀ ਸਿੰਡੀਕੇਟ ਦੀ ਮੀਟਿੰਗ ’ਚ ਇਹ ਮਾਮਲੇ ਜ਼ਰੂਰ ਵਿਚਾਰੇ ਜਾਣ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ, ਸੈਫੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦਾ ਕਹਿਣਾ ਸੀ ਕਿ ਜੇਕਰ ਉਸ ਦਿਨ ਵੀ ਅਜਿਹੇ ਮਾਮਲਿਆਂ ਨੂੰ ਨਾ ਵਿਚਾਰਿਆ ਗਿਆ, ਤਾਂ ਸੈਫੀ ਦੇ ਨੁਮਾਇੰਦੇ ਉਸੇ ਦਿਨ ਤੋਂ ਹੀ ਵੀ.ਸੀ ਦਫਤਰ ਦੇ ਬਾਹਰ ਮਰਨ ਵਰਤ ’ਤੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਨਵੇੇਂ ਆਏ ਵਾਈਸ ਚਾਂਸਲਰ ਤੋਂ ਉਨ੍ਹਾਂ ਨੂੰ ਉਮੀਦਾਂ ਸਨ ਕਿ ਉਹ ਯੂਨੀਵਰਸਿਟੀ ਨੂੰ ਲੀਹ ’ਤ ਪਾਉਣਗੇ, ਪਰ ਜੇਕਰ 18 ਦੀ ਸਿੰਡੀਕੇਟ ਮੀਟਿੰਗ ’ਚ ਵੀ ਯੂਨੀਵਰਸਿਟੀ ਵਿਚਲੇ ਘੁਟਾਲਿਆਂ ਬਾਰੇ ਫਾਈਲਾਂ ਨਾ ਮੰੰਗਵਾਈਆਂ ਗਈਆਂ, ਤਾਂ ਇਸ ਨਾਲ ਉਨ੍ਹਾਂ ਦਾ ਰਵੱਈਆ ਵੀ ਸਪੱਸ਼ਟ ਹੋ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਸੈਫ਼ੀ ਦੇ 6 ਮੈਬਰੀ ਵਫਦ ਨੂੰ ਵਾਈਸ ਚਾਂਸਲਰ ਨੇ ਮੁਲਾਕਾਤ ਦੌਰਾਨ ਭਰੋਸਾ ਦਿਵਾਇਆ ਹੈ ਕਿ ਜਾਂਚ ਰਿਪੋਟਾਂ ਨੂੰ ਜਲਦ ਹੀ ਏਜੰਡੇ ਵਿੱਚ ਰੱਖਿਆ ਜਾਵੇਗਾ। ਸ੍ਰੀ ਯਾਦੂ ਅਨੁਸਾਰ ਇਸ ਵਿਚ ਜਾਅਲੀ ਸਰਟੀਫਿਕੇਟ, ਅਯੋਗ ਪ੍ਰੋਫ਼ੈਸਰ, ਪੇਪਰ ਖਰੀਦ ਅਤੇ ਕਾਗਜ਼ ਖਰੀਦ ਆਦਿ ਮਾਮਲੇ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ 18 ਤਾਰੀਖ ਨੂੰ ਸਿੰਡੀਕੇਟ ਦੀ ਮੀਟਿੰੰਗ ਵਾਲ਼ੇ ਦਿਨ ਸੈਂਕੜੇ ਵਿਦਿਆਰਥੀ ਵੀ ਸੀ ਦਫਤਰ ਅੱਗੇ ਇਕੱਠੇ ਹੋਣਗੇ। ਰੋਸ ਪ੍ਰਦਰਸ਼ਨ ਦੌਰਾਨ ਰਵਨੀਤ ਸਿੰਘ, ਜਤਿੰਦਰ ਬੌਕਸਰ, ਹਰਦੀਪ ਸਿੰਘ, ਵਿਕਰਮਜੀਤ ਸਿੰਘ, ਲਾਡੀ, ਹਰਦੀਪ ਮੌਜੂਦ ਸਨ।