ਪੱਤਰ ਪ੍ਰੇਰਕ
ਸਮਾਣਾ, 16 ਮਈ
ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਆਏ ਟੈਂਪੂ ਮਾਲਕਾਂ-ਚਾਲਕਾਂ ਵੱਲੋਂ ਸਥਾਨਕ ਮਿੰਨੀ ਟੈਂਪੂ ਯੂਨੀਅਨ (ਛੋਟਾ ਹਾਥੀ) ਦੀ ਅਗਵਾਈ ’ਚ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਸ਼ਹਿਰ ਅੰਦਰ ਰੋਸ ਮਾਰਚ ਕੱਢਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਆਗੂ ਹਰਵਿੰਦਰ ਸਿੰਘ ਤੇ ਧੰਨਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸੂਬਾ ਸਰਕਾਰ ਨੇ ਇਨ੍ਹਾਂ ਜੁਗਾੜੂ ਵਾਹਨਾਂ ਨੂੰ ਬੰਦ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਪਰ ਸਰਕਾਰ ਨੇ ਇਕ ਦਿਨ ਬਾਅਦ ਹੀ ਯੂ-ਟਰਨ ਲੈਂਦਿਆਂ ਫਿਰ ਇਨ੍ਹਾਂ ਵਾਹਨਾਂ ’ਤੇ ਲਗਾਈ ਰੋਕ ਖਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਕੋਲ ਕੋਈ ਆਰ.ਸੀ. ਨਹੀਂ ਤੇ ਨਾ ਹੀ ਸਰਕਾਰ ਕੋਲ ਕੋਈ ਟੈਕਸ ਭਰਦੇ ਹਨ। ਜਦੋਂ ਕਿ ਉਹ ਆਪਣੇ ਮਿੰਨੀ ਟੈਂਪੂਆਂ ਦਾ ਰੋਡ ’ਤੇ ਚਲਾਉਣ ਲਈ ਟੈਕਸ ਵੀ ਭਰਦੇ ਹਨ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਗਜ਼ ਪੱਤਰ ਵੀ ਪੂਰੇ ਰੱਖਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਵਾਹਨ ਖਰੀਦੇ ਹਨ ਪਰ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਨੂੰ ਕਿਸ਼ਤਾਂ ਭਰਨੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਜੁਗਾੜੂ ਵਾਹਨ ਘੱਟ ਰੇਟ ’ਚ ਵੱਧ ਮਾਲ ਭਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਵੀ ਮਜਬੂਰ ਹੋਣਗੇ।