ਨਿੱਜੀ ਪੱਤਰ ਪ੍ਰੇਰਕ
ਸਮਾਣਾ, 22 ਨਵੰਬਰ
ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸਮਾਣਾ ਹਲਕੇ ਤੋਂ ਟਿਕਟ ਦੀ ਦਾਅਵੇਦਾਰ ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਅੱਜ ਪਾਰਟੀ ਦੇ ਆਬਜ਼ਰਵਰ ਦੀ ਹਾਜ਼ਰੀ ਵਿੱਚ ਸਥਾਨਕ ਪਟਿਆਲਾ ਰੋਡ ’ਤੇ ਸਥਿਤ ਇੱਕ ਪੈਲੇਸ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੀ ਟਿਕਟ ਲਈ ਠੋਸ ਦਾਅਵੇਦਾਰੀ ਪੇਸ਼ ਕੀਤੀ। ਇਸ ਦੌਰਾਨ ਉਨ੍ਹਾਂ ਹਲਕਾ ਵਿਧਾਇਕ ’ਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਨ੍ਹਾਂ ਦੀ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੇ ਵੀ ਦੋਸ਼ ਲਗਾਏ।
ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਦੇ ਨਾਲ ਅੱਜ ਗੁਰਸ਼ਰਨ ਕੌਰ ਰੰਧਾਵਾ ਨੇ ਪਾਰਟੀ ਦੇ ਚੋਣ ਆਬਜਰਵਰ ਹਰਪ੍ਰੀਤ ਸਿੰਘ ਚੀਮਾ ਅੱਗੇ ਜਿੱਥੇ ਆਪਣੀ 25 ਸਾਲਾਂ ਦੀ ਪਾਰਟੀ ਸੇਵਾ ਤੇ ਕੰਮਾਂ ਦਾ ਜ਼ੋਰਦਾਰ ਢੰਗ ਨਾਲ ਬਖਾਨ ਕੀਤਾ, ਉੱਥੇ ਹੀ ਮਹਿਲਾ ਹੋਣ ਦੇ ਨਾਅਤੇ ਸਮਾਣਾ ਵਿਧਾਨ ਸਭਾ ਸੀਟ ’ਤੇ ਟਿਕਟ ਦੀ ਖੁਦ ਨੂੰ ਮੁੱਖ ਦਾਅਵੇਦਾਰ ਵਜੋਂ ਪੇਸ਼ ਕੀਤਾ। ਪਾਰਟੀ ਦੇ ਚੋਣ ਆਬਜਰਵਰ ਹਰਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਵਰਕਰ ਪਾਰਟੀ ਦੀ ਰੀਡ ਦੀ ਹੱਡੀ ਹਨ ਤੇ ਉਨ੍ਹਾਂ ਦੇ ਕਹਿਣ ’ਤੇ ਹੀ ਉਮੀਦਾਵਰ ਦੀ ਚੋਣ ਹੋਵੇਗੀ।