ਖੇਤਰੀ ਪ੍ਰਤੀਨਿਧ
ਪਟਿਆਲਾ 23 ਸਤੰਬਰ
ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇਅ-ਡਰਾਈਡੇਅ ਅਭਿਆਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਇੱਥੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 26635 ਘਰਾਂ/ਥਾਂਵਾਂ ਦੀ ਜਾਂਚ ਦੌਰਾਨ 333 ਥਾਂਵਾਂ ਤੋਂ ਮੱਛਰਾਂ ਦਾ ਲਾਰਵਾ ਮਿਲਿਆ। ਇਸ ਨੂੰ ਲੋੜੀਂਦੀ ਦਵਾਈ ਪਾ ਕੇ ਨਸ਼ਟ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਭਰ ’ਚ ਇਸ ਪੱਖ ਤੋਂ 5.67 ਲੱਖ ਘਰਾਂ ਅਤੇ ਥਾਵਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ। ਇਸ ਦੌਰਾਨ 7100 ਤੋਂ ਵੱਧ ਥਾਂਵਾਂ ਤੋਂ ਡੇਂਗੂ ਮੱਛਰ ਦਾ ਲਾਰਵਾ ਮਿਲਣ ਦੀਆਂ ਰਿਪੋਰਟਾਂ ਹਨ। ਇਸ ਮੁਹਿੰਮ ਦੀ ਅਗਵਾਈ ਮਹਾਮਾਰੀ/ਆਫਤ ਰੋਕਣ ਦੇ ਮਾਹਰ ਅਤੇ ਡੇਂਗੂ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾ ਤੱਥਾਂ ਦੀ ਪੁਸ਼ਟੀ ਕਰਦਿਆਂ, ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਡੇਂਗੂ ਤੋਂ ਬਚਾਅ ਲਈ ਆਪਣਾ ਆਲ਼ਾ ਦੁਆਲ਼ਾ ਸਾਫ਼ ਰੱਖਣਾ ਜ਼ਰੂਰੀ ਹੈ।
ਡੇਂਗੂ ਦੇ 65 ਮਰੀਜ਼ ਮਿਲੇ
ਸਿਵਲ ਸਰਜਨ ਡਾ. ਰਾਜੂ ਧੀਰ ਦਾ ਕਹਿਣਾ ਹੈ ਕਿ ਇਸ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦੇ 65 ਪਾਜ਼ੇਟਿਵ ਕੇਸ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 24 ਪੇਂਡੂ ਅਤੇ 41 ਸ਼ਹਿਰੀ ਖੇਤਰ ਨਾਲ ਸਬੰਧਤ ਹਨ। ਹਰੇਕ ਨਾਗਰਿਕ ਆਪਣੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਵਿੱਚ ਖੜੇ ਪਾਣੀ ਦੇ ਸਰੋਤਾਂ ਨੂੰ ਨਸ਼ਟ ਕਰਨਾ ਯਕੀਨੀ ਬਣਾਵੇ, ਤਾਂ ਜੋ ਮੱਛਰਾਂ ਦੀ ਪੈਦਾਇਸ਼ ਨਾ ਹੋ ਸਕੇ।