ਮਰੀਜ਼ ਹੋ ਰਹੇ ਨੇ ਖੱਜਲ-ਖੁਆਰ
ਪੱਤਰ ਪ੍ਰੇਰਕ
ਰਾਜਪੁਰਾ, 23 ਅਕਤੂਬਰ
ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਡੇਂਗੂ ਟੈਸਟ ਕਿੱਟਾਂ ਦੀ ਥੁੜ੍ਹ ਕਾਰਨ ਹਸਪਤਾਲ ਵਿੱਚ ਇਲਾਜ ਲਈ ਆ ਰਹੇ ਵੱਡੀ ਗਿਣਤੀ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਏ.ਪੀ. ਜੈਨ ਸਿਵਲ ਹਸਪਤਾਲ ਦੀ ਓ.ਪੀ.ਡੀ. ਵਿੱਚ ਰੋਜ਼ਾਨਾ ਔਸਤਨ 300 ਮਰੀਜ਼ ਦਵਾਈ ਲੈਣ ਆਉਂਦੇ ਹਨ। ਇਨ੍ਹਾਂ ਵਿੱਚੋਂ ਬਹੁਗਿਣਤੀ ਬੁਖਾਰ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਹੁੰਦੀ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੇਂਗੂ ਟੈਸਟ ਕਰਨਾ ਜ਼ਰੂਰੀ ਹੁੰਦਾ ਹੈ ਪ੍ਰੰਤੂ ਇਸ ਖੇਤਰ ਦੇ ਇਕਲੌਤੇ ਏ.ਪੀ. ਜੈਨ ਸਿਵਲ ਹਸਪਤਾਲ ਜਿਥੇ ਮਰੀਜ਼ਾਂ ਦਾ ਡੇਂਗੂ ਟੈਸਟ ਕੀਤਾ ਜਾਂਦਾ ਹੈ, ਵਿੱਚ ਵੀ ਡੇਂਗੂ ਟੈਸਟ ਕਿੱਟਾਂ ਨਹੀਂ ਹਨ। ਇਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਮਰੀਜ਼ਾਂ ਨੂੰ ਪ੍ਰਾਈਵੇਟ ਲੈਬੋਰਟਰੀਆਂ ਤੋਂ ਡੇਂਗੂ ਸਬੰਧੀ ਟੈਸਟ ਕਰਵਾਉਣ ’ਤੇ ਸੌ ਰੁਪਏ ਪ੍ਰਤੀ ਮਰੀਜ਼ ਖਰਚ ਕਰਨੇ ਪੈ ਰਹੇ ਹਨ।
ਅੱਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਵਾਈ ਦਿਵਾਉਣ ਆਏ ਐਸ ਕੁਮਾਰ, ਭੁਪਿੰਦਰ ਸਿੰਘ, ਅਰਜਨ ਦਾਸ ਵਾਸੀਆਨ ਰਾਜਪੁਰਾ ਸਮੇਤ ਹੋਰਨਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਵੱਲੋਂ ਉਨ੍ਹਾਂ ਦੇ ਮਰੀਜ਼ਾਂ ਨੂੰ ਬੁਖਾਰ ਦੀ ਸ਼ਿਕਾਇਤ ਹੋਣ ’ਤੇ ਡੇਂਗੂ ਦਾ ਟੈਸਟ ਕਰਵਾਉਣ ਲਈ ਕਿਹਾ ਗਿਆ ਪ੍ਰੰਤੂ ਜਦੋਂ ਉਹ ਹਸਪਤਾਲ ਦੇ ਲੈਬ ਵਿੱਚ ਪੁੱਜੇ ਤਾਂ ਜਵਾਬ ਮਿਲਿਆ ਕਿ ਲੈਬੋਰਟਰੀ ਵਿੱਚ ਡੇਂਗੂ ਟੈਸਟ ਕਿੱਟਾਂ ਨਹੀਂ ਹਨ ਜਿਸ ’ਤੇ ਉਨ੍ਹਾਂ ਨੂੰ 600 ਰੁਪਏ ਪ੍ਰਤੀ ਆਪਣੇ ਮਰੀਜ਼ਾਂ ਦਾ ਡੇਂਗੂ ਟੈਸਟ ਕਰਵਾਉਣਾ ਪਿਆ। ਇਸ ਸਬੰਧੀ ਐੱਸ.ਐੱਮ.ਓ. ਡਾ. ਜੁਗਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਹਸਪਤਾਲ ਵਿੱਚ ਡੇਂਗੂ ਟੈਸਟ ਕਿੱਟਾਂ ਦਾ ਸਟਾਕ ਖਤਮ ਹੈ। ਇਹ ਉਨ੍ਹਾਂ ਦੇ ਪਟਿਆਲਾ ਦੇ ਸਿਵਲ ਸਰਜਨ ਦਫਤਰ ਤੋਂ ਸਪਲਾਈ ਮਿਲਣੀ ਹੈ। ਇਸ ਸਬੰਧੀ ਸਿਵਲ ਸਰਜਨ ਦਫਤਰ ਨਾਲ ਸੰਪਰਕ ਕੀਤਾ ਗਿਆ ਹੈ।