ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 5 ਦਸੰਬਰ
ਰਾਜਪੁਰਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਕਸਤੂਰਬਾ ਸੇਵਾ ਮੰਦਰ ਟਰੱਸਟ ਅਧੀਨ ਰਹਿ ਰਹੇ ਗ਼ਰੀਬ ਕਿਰਾਏਦਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਨ੍ਹਾਂ ਨੂੰ ਟਰੱਸਟ ਵੱਲੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਲੌਕਡਾਊਨ ਸਮੇਂ ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਟਰੱਸਟ ਵੱਲੋਂ ਨੋਟਿਸ ਭੇਜੇ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਤੱਕ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ।
ਕਿਰਾਏਦਾਰਾਂ ਨੇ ਦੱਸਿਆ ਕਿ ਲੈਟਰੀਨਾਂ ਦਾ ਬੂਰਾ ਹਾਲ ਹੋਣ ਅਤੇ ਗੰਦਗੀ ਵਗ਼ੈਰਾ ਫੈਲਣ ਕਰ ਕੇ ਉਹ ਖੁੱਲ੍ਹੇ ਵਿਚ ਸ਼ੋਚ ਜਾਣ ਲਈ ਮਜਬੂਰ ਹਨ। ਜੇਕਰ ਉਹ ਕਿਰਾਇਆ ਨਹੀਂ ਦਿੰਦੇ ਤਾਂ ਸਾਮਾਨ ਸਮੇਤ ਮਕਾਨ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ।
ਕਸਤੂਰਬਾ ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਗ਼ਰੀਬ ਲੋਕਾਂ ਤੋਂ ਨਾਜਾਇਜ਼ ਕਿਰਾਇਆ ਵਸੂਲ ਰਿਹਾ ਹੈ ਜਦੋਂ ਕਿ ਲੀਜ਼ ਵਿਚ ਇਸ ਦਾ ਜ਼ਿਕਰ ਨਹੀਂ ਹੈ।
ਇਸ ਸਬੰਧੀ ਟਰੱਸਟ ਦੇ ਸੈਕਟਰੀ ਯੌਗਸੰਬਰੀ ਦੱਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਇੰਨੇ ਘੱਟ ਕਿਰਾਏ ਵਿਚ ਕਿਧਰੇ ਵੀ ਮਕਾਨ ਨਹੀਂ ਮਿਲ ਰਹੇ ਹਨ। ਟਰੱਸਟ ਵੱਲੋਂ ਬਹੁਤ ਹੀ ਘੱਟ ਕਿਰਾਇਆ ਵਸੂਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁਦਾਮ ਕਿਰਾਏ ਉਪਰ ਦਿੱਤੇ ਹੋਏ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ।