ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਜੂਨ
ਮਾਰਕੀਟ ਕਮੇਟੀ ਪਾਤੜਾਂ ਵੱਲੋਂ ਕਰੀਬ ਚਾਰ ਸਾਲ ਪਹਿਲਾਂ ਝੂਠੇ ਗ਼ਬਨ ਕੇਸ ਵਿੱਚ ਫਸਾ ਕੇ ਬਰਖਾਸਤ ਕੀਤੇ ਗਏ ਮੁਲਾਜ਼ਮ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਮਗਰੋਂ ਵੀ ਬਹਾਲ ਨਹੀਂ ਕੀਤਾ ਜਾ ਰਿਹਾ। ਪ੍ਰੇਸ਼ਾਨ ਇਸ ਮੁਲਾਜ਼ਮ ਨੇ ਬਹਾਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਮਾਰਕੀਟ ਕਮੇਟੀ ਪਾਤੜਾਂ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਉੱਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ।
ਮੁਅੱਤਲ ਮੁਲਾਜ਼ਮ ਰਾਜੂ ਸਿੰਘ ਨੇ ਦੱਸਿਆ ਕਿ ਉਹ ਮਾਰਕੀਟ ਕਮੇਟੀ ਪਾਤੜਾਂ ਵਿੱਚ ਬਤੌਰ ਕਲਰਕ ਕੰਮ ਕਰਦਾ ਸੀ। ਫਰਵਰੀ 2018 ਵਿੱਚ ਉਸ ਨੂੰ ਝੂਠੇ ਗਬਨ ਦੇ ਕੇਸ ਵਿੱਚ ਬਰਖਾਸਤ ਕੀਤਾ ਗਿਆ ਸੀ। ਇਨਸਾਫ ਲਈ ਉਸ ਨੇ ਐਡੀਸ਼ਨਲ ਸੈਸ਼ਨ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਅਦਾਲਤ ਵੱਲੋਂ ਉਸ ਨੂੰ 13 ਸਤੰਬਰ 2021 ਵਿੱਚ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਸੀ। ਪੰਜਾਬ ਮੰਡੀ ਬੋਰਡ ਵੱਲੋਂ ਸਕੱਤਰ/ਚੇਅਰਮੈਨ ਨੂੰ ਡਿਊਟੀ ਜੁਆਇਨ ਕਰਵਾਉਣ ਲਈ 10 ਮਈ 2022 ਨੂੰ ਲਿਖਿਆ ਗਿਆ ਸੀ ਪਰ ਉਸ ਨਾਲ ਕੀਤੇ ਜਾ ਰਹੇ ਵਿਤਕਰਾ ਕਾਰਨ ਉਸ ਨੂੰ ਹੁਣ ਤਕ ਡਿਊਟੀ ਜੁਆਇਨ ਨਹੀਂ ਕਰਵਾਈ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਪਾਤੜਾਂ ਦੇ ਸੈਕਟਰੀ/ਚੇਅਰਮੈਨ ਵੱਲੋਂ ਸੈਸ਼ਨ ਕੋਰਟ ਅਤੇ ਪੰਜਾਬ ਮੰਡੀ ਬੋਰਡ ਦੇ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਹਾਲ ਨਾ ਕੀਤਾ ਤਾਂ ਉਹ 8 ਜੂਨ ਤੋਂ ਬਾਅਦ ਕਿਸੇ ਦਿਨ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਵੇਗਾ।
ਛੇਤੀ ਹੀ ਰਾਜੁੂ ਨੂੰ ਜੁਆਇਨ ਕਰਵਾਇਆ ਜਾਵੇਗਾ: ਸਕੱਤਰ
ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਡੀਐੱਮਓ ਵੱਲੋਂ ਆਏ ਪੱਤਰ ਅਤੇ ਹਾਈ ਕੋਰਟ ਵਿੱਚ ਚਲਦੇ ਕੇਸ ਨੂੰ ਲਿੰਕ ਕਰਕੇ ਕੁਝ ਹੀ ਦਿਨਾਂ ਵਿੱਚ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਰਾਜੂ ਸਿੰਘ ਨੂੰ ਨੌਕਰੀ ਜੁਆਇਨ ਕਰਵਾ ਦਿੱਤੀ ਜਾਵੇਗੀ।