ਪੱਤਰ ਪ੍ਰੇਰਕ
ਪਾਤੜਾਂ, 15 ਜੂਨ
ਤਿੰਨ ਸੂਬਿਆਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਭਾਖੜਾ ਨਹਿਰ ਹਲਕਾ ਸ਼ੁਤਰਾਣਾ ਵਿੱਚੋਂ ਕਰੀਬ 40 ਕਿਲੋਮੀਟਰ ਲੰਬਾ ਸਫ਼ਰ ਤੈਅ ਕਰਕੇ ਹਰਿਆਣਾ ਅਤੇ ਰਾਜਸਥਾਨ ਦੀਆਂ ਜ਼ਮੀਨਾਂ ਦੀ ਪਿਆਸ ਬੁਝਾਉਂਦੀ ਹੈ ਪਰ ਇਸ ਦੇ ਬਾਵਜੂਦ ਹਲਕੇ ਦੇ ਕੁਝ ਕੁ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਨਸੀਬ ਨਹੀਂ ਹੁੰਦਾ। ਜ਼ਿਆਦਾਤਰ ਕਿਸਾਨ ਬੋਰਾਂ ਰਾਹੀ ਧਰਤੀ ਹੇਠਲਾ ਪਾਣੀ ਲੈ ਕੇ ਖੇਤੀ ਕਰ ਰਹੇ ਹਨ, ਜਿਸ ਕਾਰਨ ਪਾਣੀ ਦਾ ਸੰਕਟ ਦਿਨੋ-ਦਿਨ ਵੱਧ ਰਿਹਾ ਹੈ। ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ। ਪਾਣੀ ਨੂੰ ਲੈ ਕੇ ਚਿੰਤਤ ਲੋਕਾਂ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਪ੍ਰਤੀ ਭਾਰੀ ਰੋਸ ਹੈ। ਸ਼ੁਤਰਾਣਾ, ਹਾਮਝੇੜੀ, ਮੌਲਵੀਵਾਲਾ, ਦੁਤਾਲ, ਅਤਾਲਾਂ, ਲਾਲਵਾ, ਅਰਨੋਂ, ਬਹਿਰ ਸਾਹਿਬ, ਤੇਈਪੁਰ, ਸਾਗਰਾ, ਮਤੌਲੀ ਅਤੇ ਕਰੀਮਨਗਰ ਦੇ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀ ਦੇ ਆਗੂਆਂ ਨੇ ਕਿਸਾਨਾਂ ਨੂੰ ਰਜਵਾਹਿਆਂ ਦਾ ਨਿਰਮਾਣ ਕਰਕੇ ਨਹਿਰੀ ਪਾਣੀ ਮੁਹੱਈਆ ਕਰਾਉਣ ਦਾ ਮੁੱਦਾ ਉਠਾਇਆ ਸੀ। ਲੋਕਾਂ ਨੇ ਬਦਲਾਅ ਦੀ ਆਸ ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਬਾਜ਼ੀਗਰ ਨੂੰ ਰਿਕਾਰਡ ਵੋਟਾਂ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ। ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ। ਆਲਮ ਇਹ ਹੈ ਕਿ ਰਜਵਾਹੇ ਘਾਹ ਫੂਸ ਨਾਲ ਭਰੇ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਲਕੇ ਵਿੱਚੋਂ ਭਰ ਕੇ ਵਹਿੰਦੀ ਭਾਖੜਾ ਨਹਿਰ ਵਿਚ ਜਦੋਂ ਪਾੜ ਪੈਂਦਾ ਹੈ ਜਾਂ ਕਿਸੇ ਆਫ਼ਤ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਦਾ ਖਮਿਆਜ਼ਾ ਹਲਕੇ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਲੋਕਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਯੋਗ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ।
ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦਾ ਕਹਿਣਾ ਹੈ ਕਿ ਜ਼ਮੀਨਦੋਜ਼ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਦਾ ਇੱਕੋ ਇੱਕ ਹੱਲ ਨਹਿਰੀ ਪਾਣੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਮਾਸਟਰ ਪਲਾਨ ਤਿਆਰ ਕਰਕੇ ਕੰਮ ਕੀਤਾ ਜਾਵੇਗਾ।