ਖੇਤਰੀ ਪ੍ਰਤੀਨਿਧ
ਪਟਿਆਲਾ, 8 ਨਵੰਬਰ
ਦੇਸ਼ ਅਤੇ ਸੂਬੇ ਦੀਆਂ ਕਈ ਹਕੂਮਤਾਂ ਨੇ ਤਾਂ ਹਮੇਸ਼ਾ ਹੀ ਸਿੱਖ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ’ਚ ਰਹੀ ਹੈ। ਇਸ ਗੱੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਬਣਨ ਮਗਰੋਂ ਅੱਜ ਪਹਿਲੀ ਵਾਰ ਪਟਿਆਲਾ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਥੇ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਇਸ ਦੌਰਾਨ ਉਨ੍ਹਾਂ ਦਾ ਜ਼ਿਲ੍ਹੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪੀਏ ਅਵਤਾਰ ਸਿੰਘ ਵੀ ਮੌਜੂਦ ਰਹੇ। ਪ੍ਰਧਾਨ ਦਾ ਕਹਿਣਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਦੰਗਿਆਂ ਦੌਰਾਨ ਸਿੱਖਾਂ ਦੀ ਨਸਲਕੁਸ਼ੀ ਕਰਨ ਵਰਗੀਆਂ ਕਾਗਰਸ ਵੱਲੋਂ ਕੀਤੀਆਂ ਹਿਰਦੇ ਵਲੂੰਧਰੂ ਕਾਰਵਾਈਆਂ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕੇਗੀ। ਉਨ੍ਹਾਂ ਸਮੂਹ ਸ਼ਹੀਦਾਂ ਨੂੰ ਸ਼ਰਧਾ ਵੀ ਅਰਪਿਤ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਾਰ, ਹਾਲ ਹੀ ’ਚ 14ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਬਣੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਵੀਹ ਸਾਲਾਂ ਤੋਂ ਸਨੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚੱਲੇ ਆ ਰਹੇ ਜਥੇਦਾਰ ਜਸਮੇਰ ਸਿੰਘ ਲਾਛੜੂ ਅਤੇ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਪ੍ਰਧਾਨ ਧਾਮੀ ਨੂੰ ਸ੍ਰੀ ਸਾਹਿਬ, ਗੁਰਦੁਆਰਾ ਸਾਹਿਬ ਦੀ ਇਤਿਹਾਸ ਤਸਵੀਰ ਅਤੇ ਸਿਰੋਪਾਓ ਭੇਟ ਕੀਤੇ। ਉਨਾਂ ਦੇ ਪੀ.ਏ ਅਵਤਾਰ ਸਿੰਘ ਨੂੰ ਵੀ ਸਿਰੋਪਾਓ ਭੇਟ ਕੀਤਾ ਗਿਆ। ਸ੍ਰੀ ਧਾਮੀ ਦਾ ਕਹਿਣਾ ਸੀ ਕਿ ਅਜੇ ਚੰਦ ਦਿਨ ਪਹਿਲਾਂ ਹੀ ਹੋਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਵੀ ਹਕੂਮਤਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲ ਅੰਦਾਜੀ ਤੋਂ ਸੰਕੋਚ ਨਹੀ ਕੀਤਾ। ਪਰ ਆਵਰ ਮੂੰਹ ਦੀ ਖਾਣੀ ਪਈ। ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਕਕਾਰਾਂ ’ਤੇ ਪਾਬੰਦੀ ਲਾਉਣ ਦੀ ਕਾਰਵਾਈ ਵੀ ਸਿੱਖ ਕੌਮ ’ਤੇ ਸਿੱਧੇ ਹਮਲੇ ਦੇ ਤੁੱਲ ਹੈ। ਇਸ ਸਬੰਧੀ ਉਨ੍ਹਾ ਨੇ ਦੇਸ਼ ਦੇ ਸਬੰਧਤ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ।