ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਕਤੂਬਰ
ਨੇੜਲੇ ਪਿੰਡ ਧਬਲਾਨ ਸਥਿਤ ਦਾਣਾ ਮੰਡੀ ਵਿਚਲੇ ਇਕ ਆੜ੍ਹਤੀ ਵੱਲੋਂ ਮੰਡੀ ’ਚ ਜਿਣਸ ਵੇਚਣ ਲਈ ਆਉਣ ਵਾਲ਼ੇ ਕਿਸਾਨਾਂ ਦੀ ਜਿਣਸ ਦਾ ਭਾਰ ਵੱਧ ਤੋਲ ਕੇ ਕਥਿਤ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ, ਸਮਰੱਥ ਅਧਿਕਾਰੀ ਨੇ ਸਬੰਧਤ ਆੜ੍ਹਤੀ (ਕਮਿਸ਼ਨ ਏਜੰਟ) ਦਾ ਲਾਇਸੈਂਸ ਇੱਕ ਹਫਤੇ ਲਈ ਮੁਅੱਤਲ ਕਰ ਦਿੱਤਾ ਹੈ। ਮਾਰਕੀਟ ਕਮੇਟੀ ਪਟਿਆਲਾ ਦੇ ਅਧੀਨ ਆਉਂਦੀ ਧਬਲਾਨ ਵਿਚਲੀ ਇਸ ਦਾਣਾ ਮੰਡੀ ਵਿਚ ਵਾਪਰੀ ਇਸ ਘਟਨਾ ਦਾ ਪਤਾ ਲੱਗਣ ’ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਬਣਦੀ ਕਾਰਵਾਈ ਅਮਲ ’ਚ ਲਿਆਉਣ ਦੀ ਤਕੀਦ ਕੀਤੀ ਹੈ। ਜਾਣਕਾਰੀ ਅਨੁਸਾਰ ਧਬਲਾਨ ਮੰਡੀ ’ਚ ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ‘ਮੈਸਰਜ ਸੋਮਨਾਥ ਬਲਦੇਵ ਕ੍ਰਿਸ਼ਨ’ ਨਾਮ ਦੀ ਫਰਮ ਕੋਲ ਆਪਣੀ ਜਿਣਸ ਵੇਚਣ ਲਈ ਲੈ ਕੇ ਆਏ ਕਿਸਾਨ ਜਗਤਾਰ ਸਿੰਘ ਵਾਸੀ ਪਿੰਡ ਧਬਲਾਨ ਦਾ ਝੋਨਾ ਪ੍ਰਤੀ ਬੋਰੀ 800 ਗ੍ਰਾਮ ਵੱਧ ਤੋਲਿਆ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਜਿਣਸ ਦੀਆਂ ਕੁੱਲ 130 ਬੋਰੀਆਂ ਹੋਈਆਂ ਤੇ ਜਾਂਚ ਦੌਰਾਨ ਪ੍ਰਤੀ ਬੋਰੀ 800 ਗ੍ਰਾਮ ਵੱਧ ਝੋਨਾ ਪਾਇਆ ਗਿਆ। ਇਸ ਤਹਿਤ ਹੀ ਇਸ ਫਰਮ ਦਾ ਲਾਇਸੈਂਸ 7 ਦਿਨਾ ਲਈ ਮੁਅੱਤਲ ਕਰ ਦਿੱਤਾ ਗਿਆ। ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਬਰਾੜ ਮੁਅੱਤਲੀ ਸਬੰਧੀ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।