ਮਾਨਵਜੋਤ ਭਿੰਡਰ
ਡਕਾਲਾ (ਪਟਿਆਲਾ), 10 ਜੁਲਾਈ
ਪਟਿਆਲਾ ਸ਼ਹਿਰ ਦੇ ਬਾਹਰਵਾਰ ਪੈਂਦੀ ਜੇਪੀ ਕਲੋਨੀ ਦੇ ਸਾਹਮਣੇ ਖੇਤਾਂ ਵਿਚਲਾ ਬੰਨ੍ਹ ਟੁੱਟਣ ਨਾਲ ਸ਼ਹਿਰ ਦੀਆਂ ਕਈ ਕਲੋਨੀਆਂ ਖ਼ਤਰੇ ਵਿਚ ਆ ਗਈਆਂ ਹਨ। ਇਸ ਬੰਨ੍ਹ ਦੇ ਬਾਹਰਵਾਰ ਓਵਰਫਲੋਅ ਹੋਈ ਪਟਿਆਲਾ ਨਦੀ ਅਤੇ ਰਿਵਾਸ ਬ੍ਰਾਹਮਣਾ ਕੋਲੋਂ ਲੰਘਦੇ ਨਿਕਾਸੀ ਨਾਲੇ ਦਾ ਪਾਣੀ ਇਕਮਿਕ ਹੋ ਕੇ ਖੇਤਾਂ ਦੇ ਵਿੱਚ ਹੜ੍ਹ ਦਾ ਰੂਪ ਧਾਰਨ ਕਰ ਚੁੱਕਾ ਹੈ। ਇੱਥੇ ਪਟਿਆਲਾ ਵਾਲੇ ਪਾਸੇ ਸੁਰੱਖਿਆ ਪੱਖ ਲਈ ਬਣਿਆ ਖੇਤਾਂ ਵਿਚਲਾ ਬੰਨ੍ਹ ਸਵੇਰੇ 8 ਵਜੇ ਦੇ ਕਰੀਬ ਟੁੱਟ ਗਿਆ ਹੈ। ਭਾਵੇਂ ਇਲਾਕਾ ਵਾਸੀ ਲੋਕ ਆਪਣੇ ਤੌਰ ’ਤੇ ਬੰਨ੍ਹ ਪੂਰ ਰਹੇ ਹਨ ਪਰ ਪਾਣੀ ਦਾ ਵਹਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਲਾਕੇ ਦੀਆਂ ਕਈ ਨੇੜਲੀਆਂ ਕਲੋਨੀਆਂ ਮਹਾਰਾਜਾ ਕਲੋਨੀ, ਓਲਡ ਸੂਲਰ, ਗਰੀਨ ਐਨਕਲੇਵ, ਨਿਊ ਗਰੀਨ ਨਿਊਕਲੇਵ ਤੇ ਗਿਆਨ ਕਲੋਨੀ ਦੇ ਵਸਨੀਕ ਖ਼ੌਫ਼ਜ਼ਦਾ ਹਨ। ਪਾਣੀ ਇਥੇ ਪੈਂਦੀਂ ਰੈੱਡ ਸਟੋਨ ਕਲੋਨੀ ਵਿੱਚ ਲੰਘੀ ਰਾਤ ਭਰ ਗਿਆ ਸੀ। ਤੇ ਇਸ ਕਲੋਨੀ ਦੇ ਲੋਕਾਂ ਨੂੰ ਲੰਘੀ ਅੱਧੀ ਰਾਤ ਨੂੰ ਪਾਣੀ ਦੇ ਖਤਰੇ ਨੂੰ ਮੁੱਖ ਰੱਖਦਿਆਂ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।