ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਹਰੀਗੜ੍ਹ ਦੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ’ਚ ਸੋਨੇ ਦੇ ਗਹਿਣਿਆਂ ਬਦਲੇ ਕਰਜ਼ ਦੇਣ ਵਾਲੇ ਬੈਂਕ ਮੁਥੂਟ ਫਾਇਨਾਂਸ ਦੀ ਪਾਤੜਾਂ ਬ੍ਰਾਂਚ ਅੱਗੇ ਧਰਨਾ ਸ਼ੁਰੂ ਕੀਤਾ ਹੈ। ਪਿੰਡ ਹਰੀਗੜ੍ਹ ਦੇ ਕਿਸਾਨ ਵੱਲੋਂ ਇਸ ਬੈਂਕ ਕੋਲ ਆਪਣੇ ਸੋਨੇ ਦੇ ਗਹਿਣੇ ਰੱਖ ਕੇ ਲਏ ਕਰਜ਼ ’ਤੇ ਵੱਧ ਵਿਆਜ ਲੈਣ ਅਤੇ ਭਰੀ ਗਈ ਰਾਸ਼ੀ ਦੀਆਂ ਰਸੀਦਾਂ ਨਾ ਦੇਣ ਦੇ ਦੋਸ਼ ਲਾਉਂਦਿਆਂ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਸਾਨ ਨੂੰ ਇਨਸਾਫ ਨਾ ਦਿੱਤੇ ਜਾਣ ’ਤੇ ਇਹ ਧਰਨਾਂ ਜਾਰੀ ਰੱਖੇ ਜਾਣ ਦਾ ਐਲਾਨ ਕੀਤਾ।
ਯੂਨੀਅਨ ਦੇ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਪਿੰਡ ਹਰੀਗੜ੍ਹ ਦੇ ਕਿਸਾਨ ਨੇ ਮੁਥੂਟ ਫਾਇਨਾਂਸ ਦੀ ਪਾਤੜਾਂ ਬ੍ਰਾਂਚ ਵਿੱਚ ਆਪਣੇ 15 ਤੋਲੇ ਸੋਨਾ ਗਹਿਣੇ ਰੱਖ ਕੇ ਕਰਜ਼ ਲਿਆ ਸੀ ਅਤੇ ਕਰਜ਼ ਦੇਣ ਸਮੇਂ ਉਸ ਨੂੰ ਵਿਆਜ ਘੱਟ ਦੱਸਿਆ ਗਿਆ ਸੀ ਪਰ ਮਗਰੋਂ ਬੈਂਕ ਰਿਕਾਰਡ ਵਿੱਚ ਉਸ ਨੂੰ ਵੱਧ ਵਿਆਜ ਲਾਇਆ ਜਾਂਦਾ ਰਿਹਾ। ਕਿਸਾਨ ਹਰਬੰਸ ਸਿੰਘ ਵੱਲੋਂ ਸਮੇਂ ਸਿਰ ਕਿਸ਼ਤਾਂ ਅਦਾ ਕਰਨ ਦੇ ਬਾਵਜੂਦ ਸਿਸਟਮ ਵਿੱਚ ਖਰਾਬੀ ਹੋਣ ਦਾ ਬਹਾਨਾ ਬਣਾ ਕੇ ਅਦਾ ਕੀਤੀਆਂ ਗਈਆਂ ਕਿਸ਼ਤਾਂ ਵਿੱਚ ਬਹੁਤੀਆ ਦੀਆਂ ਰਸੀਦਾਂ ਹੀ ਨਹੀਂ ਦਿੱਤੀਆਂ ਗਈਆਂ। ਕਿਸਾਨ ਵੱਲੋਂ ਸਮੇਂ ਸਿਰ ਕਿਸ਼ਤਾਂ ਭਰੇ ਜਾਣ ਦੇ ਬਾਵਜੂਦ ਉਸ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਹ ਮਾਮਲਾ ਕਿਸਾਨ ਯੂਨੀਅਨ ਦੇ ਧਿਆਨ ਵਿੱਚ ਲਿਆਂਦੇ ਜਾਣ ’ਤੇ ਇਸ ਦੇ ਹੱਲ ਲਈ ਉਹ ਬੈਂਕ ਦੇ ਅਧਿਕਾਰੀਆਂ ਕੋਲ ਗਏ। ਜਥੇਬੰਦੀ ਦੇ ਆਗੂਆਂ ਨੂੰ ਵੀ ਬੈਂਕ ਦੇ ਅਧਿਕਾਰੀਆਂ ਵੱਲੋਂ ਸਪਸ਼ੱਟ ਨਾ ਕੀਤੇ ਜਾਣ ’ਤੇ ਕਿਸਾਨ ਯੂਨੀਅਨ ਉਗਰਾਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਬੈਂਕ ਦੇ ਅਧਿਕਾਰੀਆਂ ਵੱਲੋਂ ਕਿਸਾਨ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ। ਧਰਨੇ ਨੂੂੰ ਹਨੀ ਸਿੰਘ, ਸੱਤਪਾਲ ਸਿੰਘ, ਸੋਨੀ ਸਿੰਘ, ਗੁਰਸੇਵ ਸਿੰਘ, ਕੁਲਦੀਪ ਸਿੰਘ ਤੇ ਹਰਮਨ ਸਿੰਘ ਨੇ ਸੰਬੋਧਨ ਕੀਤਾ।
ਕਿਸਾਨ ਨੇ ਸਮੇਂ ’ਤੇ ਨਹੀਂ ਭਰੀਆਂ ਵਿਆਜ ਦੀਆਂ ਕਿਸ਼ਤਾਂ: ਬੈਂਕ ਅਧਿਕਾਰੀ
ਬੈਂਕ ਅਧਿਕਾਰੀ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਹਰੀਗੜ੍ਹ ਦੇ ਹਰਬੰਸ ਸਿੰਘ ਨੇ ਲਏ ਹੋਏ ਕਰਜ਼ੇ ਦੀਆਂ ਹਰ ਮਹੀਨੇ ਭਰੇ ਜਾਣ ਵਾਲੇ ਵਿਆਜ ਦੀਆਂ ਕਿਸ਼ਤਾਂ ਸਮੇਂ ਅਦਾ ਨਹੀਂ ਕੀਤੀਆਂ। ਇਸ ਕਾਰਨ ਵਿਆਜ ਦਰ ਵਧੀ ਹੈ। ਹੁਣ ਲੱਗੇ ਜੁਰਮਾਨਿਆਂ ਨੂੰ ਘੱਟ ਕੀਤੇ ਜਾਣ ਦੀ ਤਾਕਤ ਸਿਰਫ ਮੈਨੇਜਮੈਂਟ ਕੋਲ ਹੈ ਅਤੇ ਉਹ ਹੀ ਇਸ ਦਾ ਹੱਲ ਕਰ ਸਕਦੀ ਹੈ।