ਪੱਤਰ ਪ੍ਰੇਰਕ
ਪਟਿਆਲਾ, 12 ਸਤੰਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਵੀ ਅੱਜ ਪਟਿਆਲਾ ਦੇ ਡੀਐਫਓ ਦਫ਼ਤਰ ਅੱਗੇ ਰੋਜ਼ਾਨਾ ਧਰਨਾ ਲਗਾ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕਰਦਿਆਂ ਪ੍ਰਦਰਸ਼ਨ ਕੀਤਾ। ਇਹ ਫ਼ੈਸਲਾ ਸੂਬਾ ਜਥੇਬੰਦੀ ਵੱਲੋਂ ਕੀਤਾ ਗਿਆ। ਇਸ ਦੀ ਅਗਵਾਈ ਬਲਬੀਰ ਸਿੰਘ ਮੰਡੌਲੀ ਤੇ ਵੀਰਪਾਲ ਬੰਮਣਾ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਕਿਰਤੀ ਵਰਕਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਾਉਣ ਲਈ ਜੰਗਲਾਤ ਵਰਕਰਜ਼ ਯੂਨੀਅਨ ਇਕਾਈ ਮੰਡਲ ਪਟਿਆਲਾ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੌਥਾ ਦਰਜਾ ਕਾਮਿਆਂ ਵੱਲੋਂ ਪ੍ਰਧਾਨ ਜਗਮੋਹਨ ਨੌਲੱਖਾ ਦੀ ਅਗਵਾਈ ਵਿਚ ਪਹਿਲਾਂ ਹੀ ਦਿਨ ਰਾਤ ਦਾ ਧਰਨਾ ਵਣ ਪਾਲ ਸਾਊਥ ਸਰਕਲ ਦੇ ਦਫ਼ਤਰ ਅੱਗੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਰੋਸ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਰਕਰਾਂ ਵਧੇ ਹੋਏ ਰੇਟਾਂ ਦੇ ਪਿਛਲੇ ਵੀਹ ਮਹੀਨਿਆਂ ਦਾ ਏਰੀਅਰ ਬਕਾਇਆ ਪੰਜ ਮਹੀਨਿਆਂ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਦੋਸ਼ ਲਗਾਇਆ ਕਿ ਕੁਝ ਕੁ ਵਣ ਕਾਮਿਆਂ ਦੀਆਂ ਤਨਖ਼ਾਹਾਂ ਪਾ ਕੇ ਸਰਕਾਰ ਦੋਗਲਾ ਚਿਹਰਾ ਪੇਸ਼ ਕਰ ਰਹੀ ਹੈ ਜੋ ਗ਼ਲਤ ਹੈ।