ਖੇਤਰੀ ਪ੍ਰਤੀਨਿਧ
ਪਟਿਆਲਾ, 10 ਜਨਵਰੀ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਸੋਸ਼ਲ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜਲ ਸਪਲਾਈ ਵਿਭਾਗ ਦੇ ਇੱਥੇ ਸਥਿਤ ਮੁੱਖ ਦਫਤਰ ਮੂਹਰੇ ਹਲਕਾ ਪੱਧਰੀ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਆਈਈਸੀ (ਸਪੈਸ਼ਲਿਸਟ) ਅਮਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਅੰਦਰ ਸੋਸ਼ਲ ਸਟਾਫ ਵਜੋਂ, ਬੀਆਰਸੀ, ਸੀਡੀਐੱਸ ਅਤੇ ਆਈਈਸੀ (ਸਪੈਸ਼ਲਿਸ਼ਟ) ਆਦਿ ਅਹੁਦਿਆਂ ’ਤੇ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਆਗੂਆਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ, ਪ੍ਰੰਤੂ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਰੋਸ ਵਜੋਂ ਹੀ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ। ਜੇਕਰ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕਰਦਿਆਂ ਵਿਭਾਗ ਮੁਖੀ ਦੇ ਦਫਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਪਟਿਆਲਾ ਸਰਕਲ ਦੇ ਸੋਸ਼ਲ ਸਟਾਫ਼ ਮੈਂਬਰਾਂ ਵਜੋਂ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਸੂਬਾਈ ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਐਸਈਸੀ (ਸਪੈਸਲਿਸ਼ਟ) ਅਮਨਦੀਪ ਕੌਰ ਸਮੇਤ ਅਭੀਦੀਪ ਸਿੰਘ (ਆਈਈਸੀ) ਅਨੁਰਾਧਾ, ਹਰਜਿੰਦਰ ਸਿੰਘ (ਸੀਡੀਐੱਸ), ਸਰਬਦੀਪ ਸਿੰਘ, ਮਨਿੰਦਰ ਸ਼ਰਮਾ, ਸਪਨਾ, ਮਲਕੀਤ ਸਿੰਘ, ਸੁਖਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ (ਬੀਆਰਸੀ) ਆਦਿ ਵੀ ਮੌਜੂਦ ਸਨ।