ਪਟਿਆਲਾ: ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅਪ੍ਰੈਂਟਸਸ਼ਿਪ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਸਹਾਇਕ ਲਾਈਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪਾਵਰਕੌਮ ਦੀਆਂ ਸਿਆਸੀ ਨੀਤੀਆਂ ਕਾਰਨ ਸਹਾਇਕ ਲਾਈਨਮੈਨ ਪਟਿਆਲਾ ਦੀਆਂ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਕਵਲਦੀਪ ਸਿੰਘ ਤੇ ਮੀਤ ਪ੍ਰਧਾਨ ਹਰਮਨਦੀਪ ਸਿੰਘ ਨੇ ਮੈਨੇਜਮੈਂਟ ਦੀਆਂ ਨੀਤੀਆਂ ਦੀ ਨਿਖੇਦੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਹਰ ਵਾਰ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁੱਕਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਟੈਕਨੀਕਲ ਸਟਾਫ਼ ਦੀ ਕਮੀ ਨੂੰ ਦੇਖਦੇ ਹੋਏ ਸਹਾਇਕ ਲਾਈਨਮੈਨ ਦੀਆਂ 2500 ਅਸਾਮੀਆਂ ਦੀ ਮੰਗ ਕੀਤੀ ਹੋਈ ਹੈ, ਪਰ ਸਾਰੀਆਂ ਯੋਗਤਾ ਹੋਣ ਦੇ ਬਾਵਜੂਦ ਵੀ ਚੱਲਦੀ ਭਰਤੀ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਰਿਹਾ। -ਪੱਤਰ ਪ੍ਰੇਰਕ