ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਝੋਨੇ ਦੀ ਖਰੀਦ, ਚੁਕਾਈ ਤੇ ਡੀਏਪੀ ਖਾਦ ਦੀ ਕਿੱਲਤ ਅਤੇ ਪਰਾਲੀ ਸਾੜਨ ਦੇ ਦੋਸ਼ ਹੇਠ ਕਿਸਾਨਾਂ ’ਤੇ ਦਰਜ ਕੀਤੇ ਜਾ ਰਹੇ ਕੇਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂ ਪ੍ਰਨੀਤ ਕੌਰ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਮੂਹਰੇ ਲਾਇਆ ਧਰਨਾ ਅੱਜ 15ਵੇਂ ਦਿਨ ਵੀ ਜਾ ਰਿਹਾ। ਅੱਜ ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਰਾਜ ਜੋਸ਼ੀ, ਭੁਪਿੰਦਰ ਸਿੰਘ, ਗੁਰਦਰਸ਼ਨ ਸੈਣੀਮਾਜਰਾ, ਰਾਜਿੰਦਰ ਜਾਹਲਾਂ, ਗਰਜਾ ਸਿੰਘ ਸ਼ਾਹਪੁਰ, ਜਸਦੇਵ ਨੂਗੀ ਤੇ ਰਾਣਾ ਨਿਰਮਾਣ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਅੱਜ ਪੂਰਾ ਇੱਕ ਮਹੀਨੇ ਮਗਰੋਂ ਵੀ ਸਰਕਾਰ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਨਹੀਂ ਚਲਾ ਸਕੀ ਤੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਇਥੋਂ ਤੱਕ ਕਿ ਐਤਕੀਂ ਕਿਸਾਨਾ ਨੂੰ ਦੀਵਾਲੀ ਵਾਲੀ ਰਾਤ ਵੀ ਮੰਡੀਆਂ ਜਾਂ ਫੇਰ ਧਰਨਿਆਂ ਵਿੱਚ ਕੱਟਣੀ ਪਈ। ਮਾਸਟਰ ਬਰਲਾਜ ਜੋਸ਼ੀ ਨੇ ਕਿਹਾ ਕਿ ਕਿਸਾਨਾਂ ਦੀ ਅਜਿਹੀ ਦੁਰਦਸ਼ਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਦੱਸਿਆ ਕਿ ਇਸੇ ਹੀ ਕੜੀ ਵਜੋਂ 17 ਤਰੀਕ ਤੋਂ ਪਟਿਆਲਾ ਜ਼ਿਲ੍ਹੇ ਵਿਚ ਧਰੇੜੀ ਜੱਟਾਂ ਅਤੇ ਪੈਂਦ ਸਥਿਤ ਟੌਲ ਪਲਾਜ਼ਿਆਂ ’ਤੇ ਵੀ ਕਿਸਾਨਾਂ ਦੇ ਧਰਨੇ ਜਾਰੀ ਹਨ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਝੋਨੇ ਦੀ ਖਰੀਦ, ਚੁਕਾਈ ਤੇ ਡੀਏਪੀ ਖਾਦ ਦੀ ਕਿੱਲਤ ਅਤੇ ਪਰਾਲੀ ਸਾੜਨ ਦੇ ਦੋਸ਼ ਹੇਠ ਕਿਸਾਨਾਂ ’ਤੇ ਦਰਜ ਕੀਤੇ ਜਾ ਰਹੇ ਪੁਲੀਸ ਕੇਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਚੱਲ ਰਹੇ ਅਣਮਿੱਥੇ ਸਮੇ ਦੇ ਪੱਕੇ ਮੋਰਚੇ ਦੇ 15ਵੇਂ ਦਿਨ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ ਆਦਿ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕਰ ਰਹੀਆਂ ਹਨ ਅਤੇ ਦੇਸ਼ ਦੇ ਅੰਨ ਭੰਡਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਦੇਣ ਦੇ ਮੰਤਵ ਨਾਲ ਮਾਰਕੀਟ ਕਮੇਟੀਆਂ ਨੂੰ ਖਤਮ ਕਰਨ ਲਈ ਤੁਲੀਆਂ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸੈਟੇਲਾਈਟ ਸਿਸਟਮ ਰਾਹੀਂ ਕਿਸਾਨਾਂ ਦੀ ਪਰਾਲੀ ਨੂੰ ਲੱਗੀ ਅੱਗ ਤਾਂ ਦਿਸ ਰਹੀ ਹੈ ਪਰ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਕਿਸਾਨ ਨਹੀਂ ਦਿਸ ਰਹੇ।
ਲਹਿਰਾਗਾਗਾ (ਪੱਤਰ ਪ੍ਰੇਰਕ): ਬੀਕੇਯੂ ਏਕਤਾ ਉਗਰਾਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਧੱਕਾ ਕਰਨ ਦਾ ਦੋਸ਼ ਲਾਇਆ ਹੈ। ਲਹਿਰਾਗਾਗਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫਤਰ ਅੱਗੇ ਲੱਗਿਆ ਪੱਕਾ ਮੋਰਚਾ 16ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬਲਾਕ ਦੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲਹਿਰਾਗਾਗਾ ਦੀ ਦਾਣਾ ਮੰਡੀ ਅੰਦਰੋਂ ਬਟਾਲੇ ਆਦਿ ਸ਼ਹਿਰਾਂ ਤੋਂ ਝੋਨਾ ਸਸਤੇ ਰੇਟਾਂ ’ਤੇ ਖਰੀਦ ਕੀਤਾ ਜਾ ਰਿਹਾ ਹੈ ਅਤੇ ਟਰਾਲੇ ਬਾਹਰੋਂ ਝੋਨੇ ਦੇ ਆ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਵਾਸਤੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਧਰਨੇ ਨੂੰ ਬਿੰਦਰ ਖੋਖਰ, ਕਰਨੈਲ ਗਨੌਟਾ, ਸਵਰਾਜ ਗੁਰਨੇ ਤੇ ਕੁਲਦੀਪ ਰਾਮਗੜ੍ਹ ਨੇ ਸੰਬੋਧਨ ਕੀਤਾ। ਇਸ ਤਰ੍ਹਾਂ ਲਹਿਰਾਗਾਗਾ-ਬੁਡਲਾਢਾ ਰੋਡ ’ਤੇ ਚੋਟੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ ਰਿਹਾ।
ਸਰਕਾਰ ’ਤੇ ਪਰਾਲੀ ਦਾ ਕੋਈ ਹੱਲ ਨਾ ਕੱਢਣ ਦੇ ਦੋਸ਼
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਿਸਾਨੀ ਮੰਗਾਂ ਲਈ ਪਿੰਡ ਬਡਰੁੱਖਾਂ ਦੀ ਸੜਕ ’ਤੇ ਲਾਇਆ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਲਗਾਤਾਰ ਜਾਰੀ ਹੈ। ਧਰਨੇ ’ਤੇ ਬੈਠੇ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਡੀਆਂ ਵਿੱਚ ਕਿਸਾਨਾਂ ਦਾ ਰੁਲ ਰਿਹਾ ਝੋਨਾ ਨਹੀਂ ਚੁੱਕਿਆ ਜਾਂਦਾ ਤਦ ਤਕ ਇਹ ਰੋਸ ਪ੍ਰਦਰਸ਼ਨ ਬਾਦਸਤੂਰ ਜਾਰੀ ਰਹਿਣਗੇ। ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ ਤੇ ਰਾਜ ਸਿੰਘ ਖੇੜੀ, ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਤੇ ਸੀਨੀਅਰ ਆਗੂ ਲੀਲਾ ਸਿੰਘ ਚੋਟੀਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਪਰਾਲੀ ਨੂੰ ਲੈਕੇ ਕੋਈ ਹੱਲ ਨਹੀਂ ਕੱਢਿਆ ਅਤੇ ਉਲਟਾ ਇਸ ਸਬੰਧੀ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ’ਤੇ ਵੀ ਸਰਕਾਰ ਵੱਲੋਂ ਕੋਈ ਅਮਲ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕੇ ਬਿਜਾਈ ਦਾ ਸਮਾਂ ਹੈ ਅਤੇ ਡੀਏਪੀ ਦੀ ਘਾਟ ਚੱਲ ਰਹੀ ਹੈ ਜਿਸ ਨੂੰ ਜਲਦ ਪੂਰਿਆ ਜਾਣਾ ਚਾਹੀਦਾ ਹੈ। ਧਰਨੇ ਨੂੰ ਬਲਾਕ ਆਗੂ ਬੱਬੂ ਮੂਣਕ ਬਲਕਾਰ ਬੱਲਰਾ, ਪ੍ਰਗਟ ਚੋਟੀਆਂ, ਗੁਰਬਖਸ਼ ਘੋੜੇਨਾਬ, ਟੇਕਾ ਚੋਟੀਆਂ, ਛਿੰਦਰ ਬਡਰੁੱਖਾਂ ਤੇ ਅਮਨਦੀਪ ਮੰਡਵੀ ਨੇ ਸੰਬੋਧਨ ਕੀਤਾ।
ਕੈਪਸ਼ਨ- ਪਿੰਡ ਬਡਰੁੱਖਾਂ ਦੀ ਸੜਕ ’ਤੇ ਧਰਨਾ ਦਿੰਦੇ ਹੋਏ ਕਿਸਾਨ।