ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜਨਵਰੀ
ਇਥੇ ਰਾਜਪੁਰਾ ਮਾਰਗ ’ਤੇ ਸਥਿਤ ਧਰੇੜੀ ਜੱਟਾਂ ਪਿੰਡ ਦੇ ਟੌਲ ਪਲਾਜ਼ੇ ਦੀ ਕੰਪਨੀ ਵੱਲੋਂ ਰੇਟ ਨਾ ਵਧਾਉਣ ਸਬੰਧੀ ਦਿੱਤੇ ਲਿਖਤੀ ਭਰੋਸੇ, ਪੁਰਾਣੇ ਸਾਰੇ ਟੌਲ ਮੁਲਾਜ਼ਮਾਂ ਦੀ ਬਹਾਲੀ ਤੇ ਉਨ੍ਹਾਂ ਨੂੰ ਤਨਖਾਹਾਂ ਜਾਰੀ ਕਰਵਾਉਣ ਉਪਰੰਤ ਕਿਸਾਨਾਂ ਨੇ ਸਵਾ ਸਾਲ ਤੋਂ ਲਾਇਆ ਧਰਨਾ ਸਮਾਪਤ ਕਰ ਦਿੱਤਾ, ਜਿਸ ਮਗਰੋਂ ਕੰਪਨੀ ਨੇ ਟੌਲ ਪਲਾਜ਼ੇ ਦੀ ਮੁਰੰਮਤ ਆਦਿ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ’ਚ ਸਵਾ ਸਾਲ ਪਹਿਲਾਂ ਕਿਸਾਨਾਂ ਨੇ ਧਰਨਾ ਮਾਰਦਿਆਂ ਵਸੂਲੀ ਬੰਦ ਕਰਵਾ ਦਿੱਤੀ ਸੀ ਪਰ ਹੁਣ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਲੈ ਲਏ ਹਨ, ਜਿਸ ਕਰਕੇ ਟੌਲ ਪਲਾਜ਼ਿਆਂ ਤੋਂ ਧਰਨੇ ਚੁੱਕਣ ਦਾ ਫ਼ੈਸਲਾ ਹੋ ਗਿਆ ਸੀ। ਇਸੇ ਦੌਰਾਨ ਟੌਲ ਕੰਪਨੀਆਂ ਨੇ ਰੇਟ ਵਧਾ ਕੇ ਟੌਲ ਚਾਲੂ ਕਰਨ ਦਾ ਫ਼ੈਸਲਾ ਕਰ ਲਿਆ ਸੀ ਜਿਸ ਦੇ ਵਿਰੋਧ ਵਿਚ ਕਿਸਾਨ ਟੌਲ ਪਲਾਜ਼ਿਆਂ ’ਤੇ ਡਟੇ ਹੋਏ ਸਨ।
ਇਥੋਂ ਦਾ ਧਰਨਾ ਸਮਾਪਤ ਕਰਨ ਦਾ ਫੈਸਲਾ ਕਿਸਾਨਾ-ਮਜ਼ਦੂਰਾਂ, ਮੁਲਾਜ਼ਮਾਂ, ਟੌਲ ਵਰਕਰਾਂ, ਟੌਲ ਕੰਪਨੀ ਅਤੇ ਸਕਿਉਰਟੀ ਸਰਵਿਸ ਕੰਪਨੀ ਦੇ ਨੁਮਾਇੰਦਿਆਂ ਨੇ ਸਾਂਝੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਕਰਦਿਆਂ, ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਕਿ ਟੌਲ ਪਲਾਜ਼ਾ ਕੰਪਨੀ ਨੇ ਪਿਛਲੇ ਰੇਟਾਂ ’ਤੇ ਵਸੂਲੀ ਕਰਨ ਦਾ ਲਿਖ਼ਤੀ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਾ ਵਰਵਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਹਾਜ਼ਰੀ ’ਚ ਕੰਪਨੀ ਨੇ ਸਮੂਹ ਪੁਰਾਣੇ ਕਰਮਚਾਰੀਆਂ ਨੂੰ ਮੁੜ ਡਿਊਟੀ ’ਤੇ ਹਾਜ਼ਰ ਕੀਤਾ ਤੇ ਵਰਕਰਾਂ ਦੀ ਸਹਿਮਤੀ ਅਨੁਸਾਰ ਸਿਰਫ਼ ਦੋ ਮਹੀਨੇ ਛੱਡ ਕੇ ਬਾਕੀ ਸਾਰੇ ਸਮੇਂ ਦੀਆਂ ਤਨਖਾਹਾਂ ਵੀ ਜਾਰੀ ਕੀਤੀਆਂ। ਹਰ ਕਰਮਚਾਰੀ ਦੀ ਚਾਰ ਹਜ਼ਾਰ ਰੁਪਏ ਮਹੀਨਾ ਤਨਖਾਹ ਵੀ ਵਧਾਈ ਗਈ ਹੈ। ਜਿਸ ਮਗਰੋਂ ਹੀ ਸਰਬਸੰਮਤੀ ਨਾਲ ਲਏ ਗਏ ਫੈਸਲੇ ਤਹਿਤ ਕਿਸਾਨਾਂ ਨੇ ਸਵਾ ਸਾਲ ਤੋਂ ਜਾਰੀ ਧਰਨਾ ਸਮਾਪਤ ਕਰ ਦਿੱਤਾ। ਇਸ ਦੌਰਾਨ ਕਿਸਾਨ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਕੰਪਨੀ ਦੇ ਇੱਕ ਨੁਮਾਇੰਦੇ ਤੱਥਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਰੰਮਤ ਉਪਰੰਤ ਟੌਲ ਪਲਾਜ਼ਾ ਚਾਲੂ ਕਰ ਦਿੱਤਾ ਜਾਵੇਗਾ।