ਨਿੱਜੀ ਪੱਤਰ ਪ੍ਰੇਰਕ
ਸਮਾਣਾ, 11 ਅਕਤੂਬਰ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਖਰੀਦਣ ਜਾਂ ਸ਼ੈਲਰ ’ਚ ਲਗਵਾਉਣ ਵਾਲੇ ਸ਼ੈਲਰ ਮਾਲਕ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ, ਸ਼ੈਲਰ ਦਾ ਲਾਇਸੈਂਸ ਰੱਦ ਕਰਨ ਦੇ ਦਿੱਤੇ ਆਦੇਸ਼ਾਂ ਨੂੰ ਕਿਸਾਨ ਤੇ ਵਪਾਰੀ ਮਾਰੂ ਫੈਸਲਾ ਕਰਾਰ ਦਿੰਦਿਆਂ ਮਿਸ਼ਨ ਪੰਜਾਬ 2022 ਚੜੂਨੀ ਦੇ ਸੀਨੀਅਰ ਮੈਂਬਰ ਰਛਪਾਲ ਸਿੰਘ ਜੌੜਾਮਾਜਰਾ ਨੇ ਇਸ ਲਈ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ। ਰਛਪਾਲ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਗੱਡੀਆਂ ਹੇਠਾਂ ਦੇ ਕੇ ਮਾਰ ਰਹੀ ਹੈ ਤੇ ਦੂਜੇ ਪਾਸੇ ਅਜਿਹੇ ਆਦੇਸ਼ ਜਾਰੀ ਕਰਕੇ ਉਨ੍ਹਾਂ ਨੂੰ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ੈਲਰ ਮਾਲਕ ਝੋਨੇ ਦੀ ਖ਼ਰੀਦ ਸਮੇਂ 17 ਫੀਸਦੀ ਨਮੀ ਤੋਂ ਕੁਝ ਰਾਹਤ ਦੇ ਕੇ ਵੱਧ ਨਮੀ ਵਾਲਾ ਝੋਨਾ ਆਪਣੇ ਸ਼ੈਲਰਾਂ ’ਚ ਲਗਵਾ ਲੈਂਦੇ ਸਨ ਪਰ ਹੁਣ ਕੇਂਦਰੀ ਖ਼ਰੀਦ ਏਜੰਸੀ ਐੱਫ਼ਸੀਆਈ ਨੇ ਅਜਿਹੇ ਸ਼ੈਲਰ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਨ ਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਗੱਲ ਆਖੀ ਹੈ। ਇਸ ਨਾਲ ਸ਼ੈਲਰ ਮਾਲਕ ਹੁਣ ਕਿਸਾਨਾਂ ਦਾ ਵੱਧ ਨਮੀ ਵਾਲਾ ਝੋਨਾ ਨਹੀਂ ਖ਼ਰੀਦਣਗੇ। ਜਿਸ ਨਾਲ ਕਿਸਾਨ ਤੇ ਨਾਲ ਹੀ ਨਾਲ ਵਪਾਰੀ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਤੇ ਜੁਲਮ ਕਰਦੀ ਆ ਰਹੀ ਕੇਂਦਰ ਸਰਕਾਰ ਨੇ ਹੁਣ ਨਵਾਂ ਆਦੇਸ਼ ਜਾਰੀ ਕਰਕੇ ਕਿਸਾਨਾਂ ਤੇ ਵਪਾਰੀਆਂ ਨੂੰ ਮਾਰਨ ਦਾ ਸਿੱਧਾ ਆਦੇਸ਼ ਜਾਰੀ ਕੀਤਾ ਹੈ।