ਖੇਤਰੀ ਪ੍ਰਤੀਨਿਧ
ਪਟਿਆਲਾ, 4 ਸਤੰਬਰ
ਪਟਿਆਲਾ ਨੇੜੇ ਪਿੰਡ ਧਰੇੜੀ ਜੱਟਾਂ ਦਾ ਕਿਸਾਨ ਦਿਲਬਾਗ ਸਿੰਘ ਝੋਨੇ ਦੀ ਸਿੱਧੀ ਬਿਜਾਈ ਤੇ ਪਰਾਲੀ ਦਾ ਸਹੀ ਪ੍ਰਬੰਧਕ ਕਰਕੇ ਆਪਣੀ ਛੇ ਏਕੜ ਜ਼ਮੀਨ ਵਿੱਚ ਸਫਲਤਾਪੂਰਵਕ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਆਪਣੇ ਪੰਜ ਸਾਲਾਂ ਦੇ ਖੇਤੀ ਤਜਰਬੇ ਸਾਂਝੇ ਕਰਦਿਆਂ ਦਿਲਬਾਗ ਸਿੰਘ ਨੇ ਕਿਹਾ ਕਿ ਉਹ ਕਣਕ ਦੀ ਬਿਜਾਈ ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਕਰਦੇ ਆ ਰਹੇ ਹਨ ਜਿਸ ਨਾਲ ਖੇਤਾਂ ਵਿੱਚ ਖਾਂਦਾ ਦੀ ਵਰਤੋਂ ਘੱਟ ਹੋਣ ਲੱਗੀ ਹੈ ਤੇ ਝਾੜ ’ਚ ਵਾਧਾ ਹੋਇਆ ਹੈ। ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਛੇ ਏਕੜ ਵਿੱਚ ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਅਤੇ ਉਹ ਖੇਤਾਂ ਵਿੱਚ ਖੜ੍ਹੇ ਕਰਚਿਆਂ ਵਿੱਚ ਛਿੱਟਾ ਦੇ ਕੇ ਕਣਕ ਬੀਜਦੇ ਹਨ। ਜਿਸ ਨਾਲ ਕਣਕ ਦੀ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਤਕਰੀਬਨ ਅੱਧਾ ਥੈਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਏ ਦੀ ਬੱਚਤ ਹੋ ਜਾਂਦੀ ਹੈ। ਦਿਲਬਾਗ ਸਿੰਘ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਰੇਕ ਕਿਸਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ/ਫਸਲਾਂ ਦੀ ਹੋਰ ਰਹਿੰਦ ਖੂੰਹਦ ਦਾ ਬਿਨਾਂ ਅੱਗ ਲਗਾਏ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ।