ਪੱਤਰ ਪ੍ਰੇਰਕ
ਰਾਜਪੁਰਾ, 3 ਜੁਲਾਈ
ਇਥੋਂ ਦੇ ਮਿਨੀ ਸਕੱਤਰੇਤ ਵਿੱਚ ਅਪੰਗ ਸੁਅੰਗ ਲੋਕਮੰਚ (ਅਸੁਲ) ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਮੰਚ ਆਗੂਆਂ ਓਮਕਾਰ ਸ਼ਰਮਾ ਸੋਗਲਪੁਰ ਤੇ ਲਖਵਿੰਦਰ ਸਿੰਘ ਸਰਾਲਾ ਦੀ ਸਾਂਝੀ ਅਗਵਾਈ ਵਿੱਚ ਹੋਈ, ਜਿਸ ਵਿੱਚ ਆਸ਼ੂਦੇਵ ਸਰਾਲਾ ਅਤੇ ਬਲਜੀਤ ਸਿੰਘ ਹਰੀਮਾਜਰਾ ਸਮੇਤ ਹੋਰਨਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਬਣਾਉਣ ਸਮੇਂ ਹੋ ਰਹੀ ਖੱਜਲ ਖੁਆਰੀ ਨੂੰ ਲੈ ਕੇ ਲੋਕਮੰਚ ਵੱਲੋਂ 8 ਜੁਲਾਈ ਤੋਂ ਕਮਿਊਨਿਟੀ ਹੈਲਥ ਸੈਂਟਰ ਘਨੌਰ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਪੰਗ ਸੁਅੰਗ ਲੋਕਮੰਚ ਦੇ ਆਗੂਆਂ ਓਮਕਾਰ ਸ਼ਰਮਾ ਸਮੇਤ ਹੋਰਨਾਂ ਨੇ ਆਖਿਆ ਕਿ ਤਰਸੇਮ ਸਿੰਘ ਵਾਸੀ ਪਿੰਡ ਊਂਟਸਰ ਸਮੇਤ ਹੋਰਨਾਂ ਵਿਅਕਤੀਆਂ ਵੱਲੋਂ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਰਾਜਪੁਰਾ ਹਸਪਤਾਲ ਵਿੱਚ ਚੱਕਰ ਲਗਾਏ ਜਾ ਰਹੇ ਹਨ। ਮੰਚ ਦੇ ਆਗੂਆਂ ਨੇ ਸਿਵਲ ਸਰਜਨ ਪਟਿਆਲਾ ਨੂੰ ਐਸ.ਐਮ.ਓ ਘਨੌਰ ਡਾ. ਕਿਰਨਜੋਤ ਕੌਰ ਉਪਲ ਰਾਹੀਂ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਤਰਸੇਮ ਸਿੰਘ ਨੂੰ ਉਸ ਦਾ ਅਪੰਗਤਾ ਸਰਟੀਫਿਕੇਟ ਪਟਿਆਲਾ ਜਾਂ ਰਾਜਪੁਰਾ ਤੋਂ ਜਾਰੀ ਕੀਤਾ ਜਾਵੇ।