ਖੇਤਰੀ ਪ੍ਰਤੀਨਿਧ
ਪਟਿਆਲਾ, 7 ਸਤੰਬਰ
ਕੈਨੇਡਾ ਵੱਸਦੇ ਪ੍ਰਸਿੱਧ ਪੱਤਰਕਾਰ ਰਿਸ਼ੀ ਨਾਗਰ ਨੇ ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਸੰਧੂ ਦੀ ਦੇਖ-ਰੇਖ ਹੇਠ ‘ਭਾਰਤ ਅਤੇ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਵਿਚਲੇ ਫਰਕ’ ਦੇ ਵਿਸ਼ੇ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉੱਥੋਂ ਦੀ ਸਿੱਖਿਆ ਪ੍ਰਣਾਲੀ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਬੱਚੇ ਦਾ ਪੜ੍ਹਾਈ ਵਿੱਚ ਮਨ ਨਾ ਲੱਗਣ ’ਤੇ ਕਾਊਂਸਲਿੰਗ ਕੀਤੀ ਜਾਂਦੀ ਹੈ। ਸਕੂਲਾਂ ਵਿੱਚ ਸਪੋਰਟਸ, ਲਾਇਬਰੇਰੀ ਅਤੇ ਜਿਮ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਭਾਰਤੀ ਸਿੱਖਿਆ ਪ੍ਰਣਾਲੀ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਇੱਥੇ ਸਿਰਜਣਸ਼ੀਲਤਾ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ। ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਸਭ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਵਿਚਲੇ ਸਰੋਤਾਂ ਨੂੰ ਜੇਕਰ ਢੰਗ ਨਾਲ ਵਰਤਿਆ ਹੁੰਦਾ ਤਾਂ ਅੱਜ ਅਸੀਂ ਵੀ ਸੰਸਾਰ ਲਈ ਸਿੱਖਿਆ ਦਾ ਇੱਕ ਕੇਂਦਰ ਬਣ ਸਕਦੇ ਸੀ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ.ਏ. ਕੇ. ਤਿਵਾੜੀ ਨੇ ਵੀ ਸੰਬੋਧਨ ਕੀਤਾ।