ਜੈਸਮੀਨ ਭਾਰਦਵਾਜ
ਨਾਭਾ, 8 ਸਤੰਬਰ
ਮਨਰੇਗਾ ਤਹਿਤ ਮ੍ਰਿਤਕਾਂ ਨੂੰ ਫ਼ਰਜ਼ੀ ਪ੍ਰਾਜੈਕਟ ’ਤੇ ਕੰਮ ਲਾਉਣ ਦੇ ਮਾਮਲੇ ’ਚ ਗ੍ਰਾਮ ਰੁਜ਼ਗਾਰ ਸਹਾਇਕ ਸਤਨਾਮ ਸਿੰਘ ਦਾ ਇਕਰਾਰਨਾਮਾ ਰੱਦ ਕਰਕੇ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਇਸ ਕੇਸ ’ਚ ਨਾਭਾ ਦੇ ਬੀਡੀਪੀਓ ਪ੍ਰਦੀਪ ਸ਼ਾਰਦਾ ਅਤੇ ਤਕਨੀਕੀ ਸਹਾਇਕ ਨਵਦੀਪ ਸਿੰਘ ਨੂੰ ‘ਕਾਰਨ ਦੱਸੋ ਨੋਟਿਸ’ ਵੀ ਜਾਰੀ ਕੀਤਾ ਗਿਆ ਹੈ। ਮਾਮਲਾ ਇਹ ਹੈ ਕਿ ਥੂਹੀ ਪਿੰਡ ਵਿੱਚ ਸ਼ਮਸ਼ਾਨਘਾਟ ਨੂੰ ਪੱਧਰ ਕਰਨ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਜਿਸ ਦੀ ਪੜਤਾਲ ’ਚ ਸਾਹਮਣੇ ਆਇਆ ਕਿ ਜ਼ਮੀਨ ਨੂੰ ਪੱਧਰਾ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਤੇ ਫਿਰ ਵੀ ਨਾਭਾ ਪ੍ਰਸ਼ਾਸਨ ਨੇ ਜ਼ਮੀਨ ਪੱਧਰ ਕਰਨ ਲਈ 2 ਲੱਖ ਰੁਪਏ ਦਾ ਪ੍ਰਾਜੈਕਟ ਬਣਾ ਦਿੱਤਾ। ਇਸ ਦੇ ਨਾਲ ਹੀ ਇਸ ਪ੍ਰਾਜੈਕਟ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੂਚੀ ਭਾਵ ਮਸਟ੍ਰੋਲ ’ਚ ਦੋ ਮ੍ਰਿਤਕਾਂ ਦੇ ਨਾਮ ਸ਼ਾਮਲ ਸਨ।
ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜੀਆਰਐੱਸ ਸਤਨਾਮ ਸਿੰਘ ਦਾ ਪੱਖ ਸੁਣਨ ਤੋਂ ਬਾਅਦ ਉਸ ਦੀ ਨੌਕਰੀ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਗਿਆ ਹੈ ਤੇ ਬੀਡੀਪੀਓ ਨਾਭਾ ਤੇ ਤਕਨੀਕੀ ਸਹਾਇਕ ਨਵਦੀਪ ਸਿੰਘ ਨੂੰ ਨੋਟਿਸ ਜਾਰੀ ਕਰਕੇ ਜੁਆਬ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਡੀਪੀਓ ਦਾ ਜੁਆਬ ਲੈਣ ਪਿੱਛੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਡੇੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਹੀ ਮਾਇਨੇ ’ਚ ਕੰਮ ਕਰਨ ਦੇ ਇੱਛੁਕ ਮਜ਼ਦੂਰਾਂ ਨੂੰ ਕਾਨੂੰਨ ਅਨੁਸਾਰ ਕੰਮ ਦਿੱਤਾ ਜਾਵੇ।