ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਪਰੈਲ
ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ਮੌਕੇ ਲੋਕ ਮਸਲਿਆਂ ਦੇ ਹੱਲ ਲਈ ਜ਼ਿਲ੍ਹੇ ਦੇ ਸਾਰੇ ਅੱੱਠ ਹਲਕਿਆਂ ਅੰਦਰ ਜਨ ਸੁਵਿਧਾ ਕੈਂਪ ਲਾਏ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਇਕਾਂ ਦੇ ਸਹਿਯੋਗ ਨਾਲ ਲਗਾਏ ਗਏ ਇਨ੍ਹਾਂ ਕੈਂਪਾਂ ’ਚ ਲੋਕਾਂ ਨੂੰ ਮੌਕੇ ’ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਪਟਿਆਲਾ ਹਲਕੇ ਦਾ ਜਨ ਸੁਵਿਧਾ ਕੈਂਪ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸਕੂਲ ਫੀਲ ਖਾਨਾ ਵਿੱਚ ਲਗਾਇਆ ਗਿਆ। ਇਸ ਦੌਰਾਨ ਵਿਧਾਇਕ ਨੇ ਵੱਖ ਵੱਖ ਭਲਾਈ ਸਕੀਮਾਂ ਸਬੰਧੀ ਲਾਭਪਾਤਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਤਰ੍ਹਾਂ ਨੇੜਲੇ ਪਿੰਡ ਲੰਗ ਵਿੱਚ ਵਿਧਾਇਕ ਡਾ. ਬਲਬੀਰ ਸਿੰਘ, ਸਨੌਰ ਹਲਕੇ ’ਚ ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਕੁਲਬੁਰਛਾਂ ਵਿੱਚ ਲੱਗੇ ਕੈਂਪ ’ਚ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ।
ਮਾਲ ਸੁਵਿਧਾ ਕੈਂਪਾਂ ਵਿੱਚ 295 ਇੰਤਕਾਲ ਦਰਜ
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਤੱਕ ਸਿੱਧੀ ਪਹੁੰਚ ਬਣਾ ਰਿਹਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਮਾਲ ਵਿਭਾਗ ਵੱਲੋਂ ਪਟਿਆਲਾ, ਸਮਾਣਾ, ਰਾਜਪੁਰਾ ਅਤੇ ਨਾਭਾ ਸਬ-ਡਿਵੀਜ਼ਨਾਂ ਵਿੱਚ ਲਗਾਏ ਗਏ ਮਾਲ ਸੁਵਿਧਾ ਕੈਂਪਾਂ ’ਚ 295 ਇੰਤਕਾਲ ਮੌਕੇ ’ਤੇ ਹੀ ਦਰਜ ਕੀਤੇ ਗਏ ਹਨ। ਕੈਂਪਾਂ ਦੌਰਾਨ ਪਿੰਡਾਂ ਦੇ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਫ਼ਰਦ ਦੇਣ ਸਮੇਤ ਹੋਰ ਫੁਟਕਲ ਕੰਮਾਂ ਦਾ ਨਿਪਟਾਰਾ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਤਲਵੰਡੀ ਮਲਿਕ ਪਟਵਾਰ ਸਰਕਲ ਵਿੱਚ 60, ਮੱਲੇਵਾਲ ਅਤੇ ਦੁਲੱਦੀ ਵਿਚਲੇ ਕੈਂਪ ’ਚ 132 ਇੰਤਕਾਲ ਅਤੇ ਪੱਬਰੀ ਪਟਵਾਰ ਸਰਕਲ ਵਿੱਚ 50 ਇੰਤਕਾਲ ਦਰਜ ਕੀਤੇ।