ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਦੇਵੀਗੜ੍ਹ, 29 ਦਸੰਬਰ
ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਵਿਧਾਨ ਸਭਾ ਹਲਕਾ ਸਨੌਰ ਦੀਆਂ ਸਮੂਹ 259 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 21 ਕਰੋੜ ਦੀਆਂ ਗਰਾਂਟਾਂ ਵੰਡੀਆਂ। ਇਸ ਸਬੰਧੀ ਇੱਕ ਸਮਾਗਮ ਅੱਜ ਪਟਿਆਲਾ ਸ਼ਹਿਰ ਵਿਚ ਸਥਿਤ ਪੰਚਾਇਤ ਸਮਿਤੀ ਸਨੌਰ ਦੇ ਦਫ਼ਤਰ ਵਿਖੇ ਪੰਚਾਇਤ ਸਮਿਤੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ ਦੀ ਅਗਵਾਈ ਹੇਠਾਂ ਹੋਇਆ। ਜਿਸ ਦੌਰਾਨ ਸਨੌਰ ਦੇ ਬੀਡੀਪੀਓ ਵਿਨੀਤ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਹਲਕਾ ਸਨੌਰ ਵਿਚ ਸਨੌਰ ਤੇ ਭੁਨਰਹੇੜੀ ’ਤੇ ਆਧਾਰਤ ਦੋ ਬਲਾਕ ਹਨ। ਪਿੰਡ ਭੁਨਰਹੇੜੀ ਵਿੱਚ ਕਰਵਾਏ ਸਮਾਗਮ ਦੌਰਾਨ ਇਸ ਬਲਾਕ ਦੇ 152 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਲਗਪਗ 11 ਕਰੋੜ ਰੁਪਏ ਦੇ ਚੈੱਕ ਵੰਡੇ ਗਏ, ਜਦੋਂਕਿ ਬਲਾਕ ਸਨੌਰ ਦੀਆਂ ਸਮੂਹ 104 ਪੰਚਾਇਤਾਂ ਨੂੰ 10 ਕਰੋੜ 7 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ। ਪੰਚਾਇਤ ਸਮਿਤੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ ਨੇ ਸਨੌਰ ਬਲਾਕ ਦੇ ਵਿਕਾਸ ਤੇ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ਮਾਨ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਿਹਾਰ ਸਿੰਘ ਸ਼ਮਸ਼ਪੁਰ ਤੇ ਬਹਾਦਰ ਸਿੰਘ ਚਮਾਰਹੇੜੀ ਆਦਿ ਮੌਜੂਦ ਸਨ।