ਪਟਿਆਲਾ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਵਿੱਚ ਗਵਰਨਿੰਗ ਕੌਂਸਲ ਵੱਲੋਂ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਨੌਜਵਾਨਾਂ ਦੀ www.pgrkam.com ’ਤੇ ਰਜਿਸਟ੍ਰੇਸ਼ਨ, ਆਨਲਾਈਨ ਅਤੇ ਆਫ਼-ਲਾਈਨ ਕੈਰੀਅਰ ਕਾਊਂਸਲਿੰਗ, ਨੌਕਰੀਆਂ ਪ੍ਰਾਪਤ ਕਰਨ ਤੇ ਭਰਤੀ ਬਾਰੇ ਜਾਣਕਾਰੀ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਪ੍ਰਾਪਤ ਕਰਨ ਲਈ ਚਲਾਈਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪਾਂ ਸਮੇਤ ਬੈਂਕਾਂ ਅਤੇ ਸਵੈ ਰੁਜ਼ਗਾਰ ਏਜੰਸੀਆਂ ਵੱਲੋਂ ਕੀਤੇ ਕੰਮ ਦੀ ਸਮੀਖਿਆ ਕੀਤੀ ਗਈ। ਵੱਖ-ਵੱਖ ਵਿਭਾਗਾਂ ਤੋਂ ਆਏ ਨੁਮਾਇੰਦਿਆਂ ਨੂੰ ਹਦਾਇਤ ਕਰਦਿਆਂ, ਏਡੀਸੀ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੁਜ਼ਗਾਰ ਬਿਊਰੋ ਨਾਲ ਸਬੰਧਤ ਵਿਭਾਗ ਆਪਣਾ ਪੂਰਨ ਸਹਿਯੋਗ ਦੇਣ, ਤਾਂ ਜੋ ਘਰ ਘਰ ਰੁਜ਼ਗਾਰ ਮਿਸ਼ਨ ਨੂੰ ਸਫ਼ਲ ਬਣਾਇਆ ਜਾ ਸਕੇ। -ਖੇਤਰੀ ਪ੍ਰਤੀਨਿਧ