ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਪਟਿਆਲਾ ਸਮੇਤ ਹੋਰ ਉਪਰਲੇ ਕਿਸਾਨਾਂ ਨੂੰ ਚੰਡੀਗੜ੍ਹ ਵਿਚਲੇ ਕਿਸਾਨ ਧਰਨੇ ’ਚ ਜਾਣ ਤੋਂ ਰੋਕਣ ਲਈ ਅੱਜ ਪੁਲੀਸ ਨੇ ਜ਼ਿਲ੍ਹਾ ਪਟਿਆਲਾ ਸੀਲ ਰੱਖਿਆ। ਖਾਸ ਕਰਕੇ ਹਰਿਆਣਾ ਦੀ ਹੱੱਦ ਨਾਲ਼ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਕਈ ਖੇਤਰਾਂ ’ਚ ਵੀ ਅੱਜ ਸਵੇਰ ਤੋਂ ਹੀ ਨਾਕਾਬੰਦੀ ਰਹੀ। ਸਵੇਰ ਤੋਂ ਹੀ ਐਸਐਸਪੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਅੰਤਰਰਾਜੀ ਹੱਦਾਂ ‘ਤੇ ਲਾਏ ਗਏ ਇਨ੍ਹਾਂ ਨਾਕਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ। ਇਸ ਦੌਰਾਨ ਰੋਕਾਂ ਲਈ ਬੈਰੀਕੇਡਾਂ ਸਮੇਤ ਹੋਰ ਸਾਧਨ ਵੀ ਵਰਤੇ ਗਏ। ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਸ਼ੰਭੂ ਬੈਰੀਅਰ ਅਤੇ ਢਾਬੀ ਗੁੱਜਰਾਂ ਬੈਰੀਅਰ ਸਮੇਤ ਦੂਧਣਸਾਧਾਂ ਸਮੇਤ ਹੋਰਨਾ ਥਾਵਾਂ ’ਤੇ ਅਜਿਹੇ ਵੱਡੇ ਨਾਕੇ ਲਾਏ ਗਏ। ਉਧਰ ਧਰਨੇ ’ਚ ਸ਼ਾਮਲ ਹੋਣ ਲਈ ਜਾਂਦੇ ਕਿਸਾਨਾ ਦੇ ਇੱਕ ਕਾਫਲੇ ਨੂੰ ਪਸਿਆਣਾ ਕੋਲ਼ ਹਿਰਾਸਤ ’ਚ ਵੀ ਲਿਆ ਗਿਆ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਜਿਥੇ ਸ਼ੰਭੂ ਵਿਖੇ ਖੁਦ ਹਾਜ਼ਰ ਰਹੇ, ਉਥੇ ਹੀ ਉਨ੍ਹਾ ਨੇ ਹੋਰਨਾ ਨਾਕਿਆਂ ਦਾ ਵੀ ਜਾਇਜ਼ਾ ਲਿਆ। ਲੋੜ ਪੈਣ ’ਤੇ ਕਿਸੇ ਵੀ ਤਰ੍ਹਾਂ ਦੀ ਅਗਲੇਰੀ ਕਾਰਵਾਈ ਦੇ ਆਦੇਸ਼ ਜਾਰੀ ਕਰਨ ਲਈ ਪੁਲੀਸ ਮੁਖੀ ਨੇ ਆਪਣੇ ਰੀਡਰ ਅਵਤਾਰ ਸਿੰਘ ਸਮੇਤ ਕੁਝ ਹੋਰ ਪੁਲੀਸ ਅਧਿਕਾਰੀਆਂ ਨੂੰ ਵੀ ਆਪਣੇ ਨਾਲ਼ ਹੀ ਰੱਖਿਆ। ਸ਼ੰਭੂ ’ਚ ਘਨੌਰ ਦੇ ਡੀਐਸਪੀ ਰਘਬੀਰ ਸਿੰਘ, ਐਸਐਸਪੀ ਦੇ ਰੀਡਰ ਸ਼ੰਭੂ ਤੇ ਘਨੌਰ ਥਾਣਿਆਂ ਦੇ ਮੁਖੀਆਂ ਰਾਹੁਲ ਕੌਸ਼ਲ ਅਤੇ ਗੁਰਨਾਮ ਘੁੰਮਣ ਸਮੇਤ ਹੋਰ ਵੀ ਮੌਜੂਦ ਸਨ ਜਦਕਿ ਹਰਿਆਣਾ ਦੀ ਹੱਦ ਨੇੜੇ ਪੈਂਦੇ ਰੌਹੜ ਜਗੀਰ ਵਿੱਚ ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲ਼ੀਵਾਲ਼ ਦੀ ਅਗਵਾਈ ਹੇਠਾਂ ਲੱੱਗੇ ਨਾਕੇ ’ਚ ਜੁਲਕਾਂ ਅਤੇ ਸਦਰ ਪਟਿਆਲਾ ਥਾਣਿਆਂ ਦੇੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਅੰਕੁਰਦੀਪ ਸਿੰਘ ਤੇ ਚੌਕੀ ਇੰਚਾਰਜ ਸੂਬਾ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਵੀ ਸ਼ਾਮਲ ਰਹੇ। ਉਂਜ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਜ਼ਿਲ੍ਹੇ ’ਚ ਅਜਿਹੀ ਨਾਕੇਬੰਦੀ ਸੁਰੱਖਿਆ ਦੇ ਪੱਖ ਤੋਂ ਇਹਤਿਆਤ ਵਜੋਂ ਕੀਤੀ ਗਈ ਸੀ।
ਉਧਰ ਜਮਹੂਰੀ ਅਧਿਕਾਰੀ ਸਭਾ ਦੇ ਪ੍ਰਧਾਨ ਪ੍ਰੋ. ਰਣਜੀਤ ਘੁੰਮਣ ਤੇ ਸਕੱਤਰ ਵਿਧੂ ਚੰਦ ਸ਼ੇਖਰ ਸਮੇਤ ਹੋਰ ਅਹੁਦੇਦਾਰਾਂ ਨੇ ’ਤੇ ਕਿਸਾਨ ਵਿਰੋਧੀ ਹੋਣ ਦੇ ਦੋਸ਼ ਲਾਉਂਦਿਆਂ, ਅਜਿਹੀਆਂ ਸਰਗਰਮੀਆਂ ਨੂੰ ਜਮਹੂਰੀ ਅਧਿਕਾਰਾਂ ਦਾ ਘਾਣ ਕਰਨ ਦੇ ਤੁਲ ਕਰਾਰ ਦਿੱਤਾ ਹੈ। ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰੱਖੜਾ, ਹਰਿੰਦਰਪਾਲ ਚੰਦੂਮਾਜਰਾ, ਭੁਪਿੰਦਰ ਸ਼ੇਖਪੁਰਾ ਨੇ ਵੀ ਸਰਕਾਰ ਦੀ ਕਿਸਾਨ ਵਿਰੋਧੀ ਕਾਰਵਾਈ ਦੀ ਨਿੰਦਾ ਕੀਤੀ ਹੈ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਧਰਨੇ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲੀਸ ਨੇ ਤੜਕਸਾਰ ਮਾਲੇਰਕੋਟਲਾ-ਖੰਨਾ ਸੜਕ ਸਥਿਤ ਜੌੜੇਪੁਲ ਨੇੜੇ ਵਿਸ਼ੇਸ਼ ਨਾਕਾ ਲਾਇਆ। ਉਪ ਪੁਲੀਸ ਕਪਤਾਨ ਦਵਿੰਦਰ ਸਿੰਘ ਸੰਧੂ ਦੀ ਨਿਗਰਾਨੀ ’ਚ ਲੱਗੇ ਇਸ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਤੌਰ ’ਤੇ ਕਿਸਾਨ ਜਥੇਬੰਦੀਆਂ ਦੇ ਐਕਸ਼ਨਾਂ ਦੇ ਸਬੰਧ ਵਿੱਚ ਕੀਤੀ ਗਈ ਸੀ ਪਰ ਇਸ ਦੇ ਨਾਲ ਨਸ਼ਾ ਤਸਕਰਾਂ ਅਤੇ ਹੋਰਨਾਂ ਭੈੜੇ ਅਨਸਰਾਂ ਦੀਆਂ ਕਾਰਵਾਈਆਂ ਵਿਰੁੱਧ ਵੀ ਨਜ਼ਰ ਰੱਖਣ ਲਈ ਮੁਲਾਜ਼ਮਾਂ ਨੂੰ ਕਿਹਾ ਗਿਆ ਸੀ।