ਪਟਿਆਲਾ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪਟਿਆਲਾ ਜ਼ਿਲ੍ਹੇ ਦੇ ਦਿਵਿਆਂਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀਆਂ 100 ਫ਼ੀਸਦੀ ਵੋਟਾਂ ਬਣਾਉਣ ਦੇ ਟੀਚੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਵੀਪ ਦੀ ਟੀਮ ਵੱਲੋਂ ਜ਼ਿਲ੍ਹਾ ਪੱਧਰੀ ਸਭਿਆਚਾਰਕ ਪ੍ਰੋਗਰਾਮ, ਸੁਸਾਇਟੀ ਫ਼ਾਰ ਡੈਫ ਐਂਡ ਬਲਾਇੰਡ ਸੈਫਦੀਪੁਰ ਪਟਿਆਲਾ ਵਿੱਚ ਕਰਵਾਇਆ ਗਿਆ। ਇਸ ਮੌਕੇ ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ। ਜਦਕਿ ਮੁੱਖ ਮਹਿਮਾਨ ਵਜੋਂ ਪੁੱਜੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ- ਏਡੀਸੀ (ਜ) ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਦਿਵਿਆਂਗਜਨਾਂ ਦੀ 100 ਫ਼ੀਸਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਮੌਕੇ 18 ਪੀ.ਡਬਲਿਊ.ਡੀ. ਵਿਦਿਆਰਥੀਆਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਦੀ ਹੋ ਚੁੱਕੀ ਹੈ ਦੇ ਮੌਕੇ ’ਤੇ ਹੀ ਫਾਰਮ ਭਰਵਾ ਕੇ ਰਜਿਸਟਰਡ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਕਰਨਲ ਕਰਮਿੰਦਰ ਸਿੰਘ ਦੀ ਦੇਖਰੇਖ ’ਚ ਦਿਵਿਆਂਗਜਨ ਵਿਦਿਆਰਥੀਆਂ ਦੇ ਗਿੱਧੇ, ਭੰਗੜੇ, ਲੋਕ ਗੀਤ, ਵਰੇਲ ਲਿਪੀ ਵਿੱਚ ਭਾਸ਼ਨ ਪ੍ਰਤੀਯੋਗਤਾ, ਪੇਂਟਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। -ਖੇਤਰੀ ਪ੍ਰਤੀਨਿਧ