ਪੱਤਰ ਪ੍ਰੇਰਕ
ਪਟਿਆਲਾ, 7 ਅਗਸਤ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੱਤ ਮੈਂਬਰੀ ਸੰਚਾਲਨ ਕਮੇਟੀ ਦੀ ਅਗਵਾਈ ਅਤੇ ਦੇਖ-ਰੇਖ ਹੇਠ ਹੋਇਆ ਸੂਬਾਈ ਡੈਲੀਗੇਟ ਇਜਲਾਸ ਅੱਜ ਸਮਾਪਤ ਹੋ ਗਿਆ। ਇਸ ਵਿੱਚ 21 ਜ਼ਿਲ੍ਹਿਆਂ ਦੇ 750 ਤੋਂ ਵੱਧ ਡੈਲੀਗੇਟਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਅਧਿਆਪਕ ਲਹਿਰ ਸ਼ੁਰੂ ਕਰਨ ਦਾ ਅਹਿਦ ਲਿਆ ਗਿਆ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਜ਼ਿਲ੍ਹਾ ਸਕੱਤਰ ਜਸਪਾਲ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਨੇ ਦੱਸਿਆ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਨਾਲ ਹੋਈ। ਪਹਿਲੇ ਸੈਸ਼ਨ ਦੌਰਾਨ ਪਿਛਲੇ ਸਮੇਂ ਦੀਆਂ ਸੰਘਰਸ਼ੀ ਸਰਗਰਮੀਆਂ ਬਾਰੇ ਰਿਪੋਰਟ ਪੜ੍ਹੀ ਗਈ। ਇਸੇ ਤਰ੍ਹਾਂ ਦੂਜੇ ਸੈਸ਼ਨ ਵਿੱਚ ਵਿੱਤ ਰਿਪੋਰਟ ਪੜ੍ਹੀ ਗਈ ਅਤੇ ਡੀਟੀਐੱਫ ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਤਰਮੀਮਾਂ ਪੇਸ਼ ਕੀਤੀਆਂ ਗਈਆਂ। ਹਾਜ਼ਰ ਡੈਲੀਗੇਟਾਂ ਨੇ ਵਿਚਾਰ-ਚਰਚਾ ਕਰਨ ਮਗਰੋਂ ਇਹ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕਰ ਦਿੱਤੀਆਂ।
ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਵੱਲੋਂ 44 ਮੈਂਬਰੀ ਸੂਬਾ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਤਹਿਤ ਵਿਕਰਮ ਦੇਵ ਸਿੰਘ ਨੂੰ ਸੂਬਾ ਪ੍ਰਧਾਨ, ਮਹਿੰਦਰ ਕੋੜਿਆਂਵਾਲੀ ਨੂੰ ਜਨਰਲ ਸਕੱਤਰ ਅਤੇ ਅਸ਼ਵਨੀ ਅਵਸਥੀ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ , ਬੇਅੰਤ ਫੂਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸੰਯੁਕਤ ਸਕੱਤਰਾਂ ਵਿੱਚ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਅਤੇ ਕੁਲਵਿੰਦਰ ਜੋਸਨ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਪਵਨ ਕੁਮਾਰ ਨੂੰ ਪ੍ਰੈੱਸ ਸਕੱਤਰ, ਤਜਿੰਦਰ ਸਿੰਘ ਨੂੰ ਸਹਾਇਕ ਵਿੱਤ ਸਕੱਤਰ ਅਤੇ ਸੁਖਦੇਵ ਡਾਨਸੀਵਾਲ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ।