ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਸਤੰਬਰ
ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜ ਵਰਕਰ ਲਗਾਤਾਰ ਚੱਲ ਰਹੇ ਦਿਨ-ਰਾਤ ਦਾ ਧਰਨਾ ਚੁੱਕਣ ਲਈ ਤਿਆਰ ਨਹੀਂ ਹਨ। ਅੱਜ ਡੀਐੱਫਓ ਵਿੱਦਿਆ ਸਾਗਰੀ ਵੱਲੋਂ ਤਨਖ਼ਾਹਾਂ ਲਈ ਬਜਟ ਜਾਰੀ ਕਰਨ ਦਾ ਪੰਜਾਬ ਸਰਕਾਰ ਦਾ ਹੁਕਮ ਕਾਮਿਆਂ ਨੂੰ ਸੁਣਾਇਆ ਗਿਆ ਪਰ ਕਾਮਿਆਂ ਨੇ ਕਿਹਾ ਕਿ ਜਦੋਂ ਤੱਕ ਤਨਖ਼ਾਹਾਂ ਖਾਤਿਆਂ ਵਿੱਚ ਨਹੀਂ ਆ ਜਾਂਦੀਆਂ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਦਰਜਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਸੰਗਰੂਰ ਵਿੱਚ 10 ਸਤੰਬਰ ਨੂੰ ਯਾਦ ਦਿਵਾਉਣ ਵਾਲੀ ਰੈਲੀ ਕਰਨ ਦਾ ਐਲਾਨ ਵੀ ਕੀਤਾ।
ਅੱਜ ਡੀਐੱਫਓ ਨੇ ਪ੍ਰਧਾਨ ਮੁੱਖ ਵਣਪਾਲ ਮੁਹਾਲੀ ਦੇ ਪੱਤਰ ਨੂੰ ਦਿਖਾਇਆ ਜਿਸ ਵਿਚ ਯੂਨੀਅਨ ਆਗੂ ਜਗਮੋਹਨ ਨੋਲੱਖਾ ਨਾਲ ਇਕ ਘੰਟਾ ਮੀਟਿੰਗ ਕਰਕੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਅਤੇ 5 ਮਹੀਨੇ ਦੀਆਂ ਤਨਖ਼ਾਹਾਂ ਖਾਤਿਆਂ ਵਿੱਚ ਪਾਉਣ ਦਾ ਵਾਅਦਾ ਵੀ ਕੀਤਾ ਗਿਆ ਅਤੇ ਸੀਨੀਅਰਤਾ ਲਿਸਟ ਵਿੱਚ ਪਈਆਂ ਤਰੁੱਟੀਆਂ ਦੂਰ ਕਰਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਅਤੇ ਲਿਖਤੀ ਤੌਰ ’ਤੇ 8 ਸਤੰਬਰ ਨੂੰ 11 ਵਜੇ ਮੁੜ ਮੀਟਿੰਗ ਦਾ ਪੱਤਰ ਵੀ ਜਾਰੀ ਕੀਤਾ ਗਿਆ।
ਇਸੇ ਦੌਰਾਨ ਜਗਮੋਹਨ ਨੋਲੱਖਾ ਨੇ ਅੱਜ ਰੈਲੀ ਨੂੰ ਸੰਬੋਧਨ ਕਰਦੇ ਹੋਏ ਜੰਗਲਾਤ ਵਰਕਰਾਂ ਨੂੰ ਅਪੀਲ ਕੀਤੀ ਕਿ ਬਜਟ ਆ ਚੁੱਕਾ ਹੈ ਤੇ ਜਦੋਂ ਤੱਕ ਤਨਖ਼ਾਹਾਂ ਖਾਤਿਆਂ ਵਿੱਚ ਨਹੀਂ ਪੈਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਿਸ ਸਮੇਂ ਤਨਖ਼ਾਹ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਉਸ ਸਮੇਂ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕੁਲਵਿੰਦਰ ਕਾਲਵਾ ਜਨਰਲ ਸਕੱਤਰ ਨੇ ਐਲਾਨ ਕੀਤਾ ਕਿ ਭਗਵੰਤ ਮਾਨ ਸਰਕਾਰ ਨੂੰ ਯਾਦ ਪੱਤਰ ਦੇਣ ਲਈ 10 ਸਤੰਬਰ ਨੂੰ ਸੰਗਰੂਰ ਵਿੱਚ ਰੈਲੀ ਕੀਤੀ ਜਾਵੇਗੀ।
ਅੱਜ ਦੀ ਰੈਲੀ ਵਿੱਚ ਮਨਤੇਜ ਸਿੰਘ ਮੋਗਲੀ, ਸ਼ਾਮ ਸਿੰਘ, ਤਰਲੋਚਨ ਮੰਡੋਲੀ, ਨਛੱਤਰ ਸਿੰਘ ਲਾਛੜੂ, ਦਰਸ਼ਨ ਮਲੇਵਾਲ, ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਰਤਨ ਸਿੰਘ, ਹਰਜਿੰਦਰ ਅਮਲੋਹ, ਪਾਲਾ, ਪ੍ਰੇਮ ਖਤੋਨੀ, ਮੁਖ਼ਤਿਆਰ ਸਿੰਘ, ਤਰਲੋਚਨ ਮਾੜੂ ਆਦਿ ਹਾਜ਼ਰ ਸਨ।