ਬਹਾਦਰ ਸਿੰਘ ਮਰਦਾਂਪੁਰ
ਘਨੌਰ, 26 ਸਤੰਬਰ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਦੇ ਬਘੌਰਾ-ਕਾਮੀ ਕਲਾਂ ਲਿੰਕ ਸੜਕ ਨੂੰ ਜੋੜਨ ਵਾਲੇ ਨਹਿਰੀ ਪੁਲ ਦੀ ਉਸਾਰੀ ਲਟਕਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ ਪੰਜ ਕਰੋੜ 21 ਲੱਖ 96 ਹਜਾਰ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਨਰਵਾਣਾ ਨਹਿਰ ਵਾਲਾ ਪੁਲ ਕਰੀਬ ਸਵਾ ਸਾਲ ਤੋਂ ਉਸਾਰੀ ਅਧੀਨ ਹੈ ਜੋ ਇਸੇ ਮਹੀਨੇ ਮੁਕੰਮਲ ਹੋਣਾ ਸੀ ਪ੍ਰੰਤੂ ਅਜੇ ਇਹ ਉਸਾਰੀ ਕਈ ਮਹੀਨੇ ਤੱਕ ਮੁਕੰਮਲ ਹੋਣ ਦੀ ਉਮੀਦ ਨਹੀਂ। ਪਟਿਆਲਾ ਨੂੰ ਵਾਇਆ ਸ਼ੰਭੂ, ਘਨੌਰ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਨਾਲ ਜੋੜਨ ਵਾਲੀ ਇਸ ਸੜਕ ’ਤੇ ਆਵਾਜਾਈ ਦੀ ਬਹੁਤਾਤ ਹੈ ਪ੍ਰੰਤੂ ਹੁਣ ਇਸ ਪੁਲ ਦੇ ਉਸਾਰੀ ਅਧੀਨ ਹੋਣ ਕਾਰਨ ਪੁਲ ਦੇ ਨੇੜੇ ਸੜਕ ’ਤੇ ਦੂਰ ਦੂਰ ਤੱਕ ਮਿੱਟੀ ਪਈ ਹੈ। ਮੀਹ ਪੈਂਣ ’ਤੇ ਚਿੱਕੜ ਹੋ ਜਾਂਦਾ ਹੈ। ਉੱਥੋਂ ਵਾਹਨ ਤਾਂ ਕੀ, ਪੈਦਲ ਲੰਘਣਾ ਵੀ ਸੰਭਵ ਨਹੀਂ। ਰਾਹਗੀਰਾਂ ਨੂੰ ਬਘੌਰਾ ਤੋਂ ਵਾਇਆ ਘਨੌਰ-ਲਾਛੜੂ ਕਈ ਕਿੱਲੋਮੀਟਰ ਦਾ ਵਾਧੂ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਇਸ ਖੇਤਰ ਦੇ ਵਸਨੀਕ ਡਾ. ਵਿਜੇਪਾਲ ਘਨੌਰ, ਜਥੇਦਾਰ ਸੁਖਜੀਤ ਸਿੰਘ ਬਘੌਰਾ, ਕਾਂਮਰੇਡ ਪ੍ਰੇਮ ਸਿੰਘ ਘਨੌਰ, ਗਿਆਨੀ ਮਹਿੰਦਰ ਸਿੰਘ ਪਿੱਪਲ ਮੰਘੌਲੀ, ਗੁਰਮੀਤ ਸਿੰਘ ਬਹਾਵਲਪੁਰ, ਕੁਲਵਿੰਦਰ ਜਿੰਦਲ ਘਨੌਰ ਸਮੇਤ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਹਗੀਰਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਇਸ ਪੁਲ ਦੀ ਉਸਾਰੀ ਤੁਰੰਤ ਮੁਕੰਮਲ ਕਰਵਾਈ ਜਾਵੇ।
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲ ਲਈ ਲੋੜੀਂਦੀ ਉਸਾਰੀ ਸਮੱਗਰੀ ਰੇਤ, ਬੱਜਰੀ ਦੀ ਘਾਟ ਅਤੇ ਜੰਗਲਾਤ ਵਿਭਾਗ ਵੱਲੋਂ ਪ੍ਰਵਾਨਗੀ ਦਾ ਮਾਮਲਾ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੋਣ ਕਾਰਨ ਪੁਲ ਦੀ ਉਸਾਰੀ ਮਿੱਥੇ ਸਮੇਂ ਮੁਕੰਮਲ ਨਹੀਂ ਹੋ ਸਕੀ। ਇਸ ਦੇ ਪਿੱਲਰ ਬਣ ਚੁੱਕੇ ਹਨ। ਹੁਣ ਜਲਦੀ ਹੀ ਸਟੀਲ ਦਾ ਪੁਲ ਫਿਕਸ ਕਰਕੇ ਪਹੁੰਚ ਸੜਕਾਂ ਦੀ ਉਸਾਰੀ ਅਤੇ ਜੰਗਲਾਤ ਵਿਭਾਗ ਤੋਂ ਪ੍ਰਵਾਨਗੀ ਮਿਲਣ ’ਤੇ 31 ਮਾਰਚ 2023 ਤੱਕ ਪੁੱਲ ਦੀ ਉਸਾਰੀ ਮੁਕੰਮਲ ਹੋ ਜਾਵੇਗੀ।