ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਫਰਵਰੀ
ਹਮੇਸ਼ਾ ਨਿਊ ਮੋਤੀ ਮਹਿਲ ਦੀ ਝੋਲੀ ਵਿੱਚ ਪੈਣ ਵਾਲੀ ਪਟਿਆਲਾ ਸ਼ਹਿਰੀ ਹਲਕੇ ਦੇ ਮੁਸਲਿਮ ਭਾਈਚਾਰੇ ਦੀ ਵੋਟ ਇਸ ਵਾਰ ਮੋਤੀ ਮਹਿਲ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਮੁਸਲਿਮ ਖੇਤਰ ਦੇ ਕੁਝ ਆਗੂ ਕਾਂਗਰਸ ਵੱਲ ਇਸ਼ਾਰਾ ਕਰ ਰਹੇ ਹਨ। ਕੁਝ ਆਮ ਆਦਮੀ ਪਾਰਟੀ ਵੱਲ ਤੇ ਕੁਝ ਆਗੂ ਸ਼੍ਰੋਮਣੀ ਅਕਾਲੀ ਦਲ ਵੱਲ ਜਾਣ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਨੂੰ ਇਸ ਵਾਰ ਦੁੱਖ ਹੈ ਕਿ ਹਮੇਸ਼ਾ ਮੁਸਲਮਾਨਾਂ ਖ਼ਿਲਾਫ਼ ਚੱਲਣ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤਾ ਕਿਉਂ ਕੀਤਾ ਹੈ। ਉਨ੍ਹਾਂ ਦੇ ਕੁਝ ਮਸਲੇ ਵੀ ਹਨ ਜੋ ਅਮਰਿੰਦਰ ਪੱਖ ਵੱਲੋਂ ਹੱਲ ਨਹੀਂ ਕਰਵਾਏ ਗਏ।
ਮਾਲ ਰੋਡ ’ਤੇ ਪ੍ਰਮੁੱਖ ਈਦਗਾਹ ਦੀ ਇੰਤਜ਼ਾਮੀਆ ਕਮੇਟੀ ਦੇ ਪ੍ਰਧਾਨ ਜਨਾਬ ਆਸਿਫ਼ ਅਲੀ ਦੱਸਦੇ ਹਨ,‘ਈਦਗਾਹ ਦੇ ਨਾਮ ’ਤੇ ਸਾਡੇ ਕੋਲ 32 ਵਿੱਘੇ ਜ਼ਮੀਨ ਸੀ ਜੋ ਲਾਇਬ੍ਰੇਰੀ ਨੂੰ ਦੇ ਦਿੱਤੀ, ਸਾਡੇ ਕੋਲ ਹੁਣ ਸਿਰਫ਼ 4 ਵਿੱਘੇ ਥਾਂ ਹੀ ਹੈ, ਮੁਸਲਮਾਨਾਂ ਦੀ ਗਿਣਤੀ ਵਧ ਰਹੀ ਹੈ, ਈਦਗਾਹ ਨਾਲ ਲੱਗਦੀ ਥਾਂ ਸਾਨੂੰ ਹੁਣ ਵੀ ਦਿੱਤੀ ਜਾ ਸਕਦੀ ਹੈ।’ ਉਨ੍ਹਾਂ ਕਿਹਾ ਕਿ ਜਿੱਥੇ ਸਾਰੇ ਪਟਿਆਲੇ ਦਾ ਕੂੜਾ ਸੁੱਟਿਆ ਜਾਂਦਾ ਹੈ ਉੱਥੇ ਸਾਨੂੰ ਦੋ ਏਕੜ ਥਾਂ ਕਬਰਿਸਤਾਨ ਲਈ ਦਿੱਤੀ ਗਈ ਹੈ ਪਰ ਉਸ ਲਈ ਫੰਡ ਨਹੀਂ ਹਨ, ਜਿਸ ਕਰਕੇ ਸਾਡੀ ਕਬਰਸਤਾਨ ਵਾਲੀ ਥਾਂ ਦੇ ਇਸਲਾਮ ਧਰਮ ਵਿੱਚ ਵਰਜਿਤ ਸੂਰਫਿਰਦੇ ਹਨ। ਉਨ੍ਹਾਂ ਇਸ ਗੱਲ ’ਤੇ ਗਿਲਾ ਕੀਤਾ ਕਿ ਅਮਰਿੰਦਰ ਸਿੰਘ ਨੂੰ ਭਾਜਪਾ ਵਿੱਚ ਨਹੀਂ ਜਾਣਾ ਚਾਹੀਦਾ ਸੀ, ਪਹਿਲਾਂ ਭਾਜਪਾ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਤਾਂ ਵੀ ਬਹੁ ਗਿਣਤੀ ਮੁਸਲਮਾਨ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੀ ਰਹਿੰਦੇ ਸਨ। ਸਾਡੀ ਪਟਿਆਲਾ ਸ਼ਹਿਰ ਵਿੱਚ ਆਬਾਦੀ ਤਾਂ 60 ਹਜ਼ਾਰ ਤੋਂ ਵੱਧ ਹੈ ਪਰ ਵੋਟ 25 ਕੁ ਹਜ਼ਾਰ ਹੈ ਕਿਉਂਕਿ ਬਾਹਰਲੇ ਸੂਬਿਆਂ ਤੋਂ ਆਏ ਮੁਸਲਮਾਨਾਂ ਨੇ ਵੋਟਾਂ ਨਹੀਂ ਬਣਾਈਆਂ। ਸਾਡੀਆਂ ਪਟਿਆਲਾ ਸ਼ਹਿਰ ਵਿੱਚ 26 ਮਸਜਿਦਾਂ ਹਨ ਜਿਨ੍ਹਾਂ ਵਿੱਚ ਵੱਡੀ ਸਾਡੀ ਈਦਗਾਹ ਹੈ।’ ਇਸੇ ਤਰ੍ਹਾਂ ਪ੍ਰੋ. ਸਿਤਾਰ ਮੁਹੰਮਦ ਕਹਿੰਦੇ ਹਨ,‘ਸਾਡੀਆਂ ਜ਼ਿਆਦਾ ਆਬਾਦੀ ਵਾਲੀਆਂ ਕਲੋਨੀਆਂ ਬਿਸ਼ਨ ਨਗਰ, ਐੱਸਐੱਸਟੀ ਨਗਰ ਵਿੱਚ ਤਕੀਆ ਹਾਕੂਸ਼ਾਹ, ਤੇਜਬਾਗ ਕਲੋਨੀ ਦੇ ਨਾਲ 15 ਦੇ ਕਰੀਬ ਕਲੋਨੀਆਂ ਹਨ ਜਿਨ੍ਹਾਂ ਵਿੱਚ ਸਕੂਲਾਂ ਦਾ ਕੋਈ ਪ੍ਰਬੰਧ ਨਹੀਂ ਹੈ, ਪਾਣੀ ਤੇ ਸਫ਼ਾਈ ਦਾ ਪ੍ਰਬੰਧ ਨਹੀਂ ਹੈ, ਮੁਸਲਮਾਨ ਗ਼ਰੀਬ ਹਨ, ਇਸ ਕਰਕੇ ਰੋਜ਼ਾਨਾ ਰੋਟੀ ਕਮਾ ਕੇ ਗੁਜ਼ਾਰਾ ਕਰਦੇ ਹਨ, ਜੇਕਰ ਉਨ੍ਹਾਂ ਨੂੰ ਸਿੱਖਿਆ ਮਿਲ ਜਾਵੇ ਤਾਂ ਬਹੁਤ ਚੰਗਾ ਹੋਵੇਗਾ। ਸਾਨੂੰ ਕਬਰਿਸਤਾਨ ਤਾਂ ਦਿੱਤਾ ਪਰ ਉੱਥੇ ਏਨਾ ਗੰਦ ਹੈ ਕਿ ਖੜਨਾ ਵੀ ਮੁਸ਼ਕਿਲ ਹੈ।’ ਵਕਫ਼ ਬੋਰਡ ਦੇ ਮੈਂਬਰ ਵਾਹਿਦ ਅਲੀ ਨੇ ਤਾਂ ਕਬਰਸਤਾਨ ਬਾਰੇ ਫੇਸਬੁੱਕ ’ਤੇ ਪੋਸਟ ਪਾ ਕੇ ਫੰਡ ਦੇਣ ਦੀ ਮੰਗ ਕੀਤੀ ਹੈ। ਸਿਤਾਰ ਮੁਹੰਮਦ ਕਹਿੰਦੇ ਹਨ ਕਿ ਇਸ ਵਾਰੀ ਸਾਡੀ ਵੋਟ ਕਾਂਗਰਸ ਵੱਲ ਜ਼ਿਆਦਾ ਜਾਵੇਗੀ। ਉਂਜ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਂ ਐਡਵੋਕੇਟ ਮੂਸਾ ਖ਼ਾਨ ਨੇ ਰਸਮੀ ਤੌਰ ’ਤੇ ਸ਼ਮੂਲੀਅਤ ਵੀ ਕੀਤੀ ਹੈ, ਮੁਹੰਮਦ ਤੌਫ਼ੀਕ ਕਹਿੰਦੇ ਹਨ ਕਿ ਇਸ ਵਾਰ ਮੁਸਲਮਾਨ ਭਾਈਚਾਰਾ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਆਕਰਸ਼ਿਤ ਹੈ।