ਖੇਤਰੀ ਪ੍ਰਤੀਨਿਧ
ਪਟਿਆਲਾ, 25 ਫਰਵਰੀ
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ 27 ਫਰਵਰੀ ਤੋਂ 1 ਮਾਰਚ ਤੱਕ ਸ਼ੁਰੂ ਹੋ ਰਹੀ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਸਿਵਲ ਸਰਜਨ ਦਫਤਰ ਤੋਂ ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਸੋਢੀ ਨੇ ਕਿਹਾ ਕਿ ਇਨ੍ਹਾਂ ਰਿਕਸ਼ਿਆਂ ਦਾ ਪ੍ਰਬੰਧ ਸਿਹਤ ਵਿਭਾਗ ਵੱਲੋਂ ਵੱਖ-ਵੱਖ ਮੁਹੱਲਿਆਂ, ਝੁੱਗੀਆਂ ਝੌਂਪੜੀਆਂ, ਸਲੱਮ ਏਰੀਆ, ਫੈਕਟਰੀ ਏਰੀਆ, ਕਲੋਨੀਆਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੋਲੀਓ ਮੁਹਿੰਮ ਦਾ ਪ੍ਰਚਾਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ 1.88 ਲੱਖ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ 917 ਬੂਥ ਲਗਾਏ ਜਾਣਗੇ ਅਤੇ 33 ਟਰਾਂਜ਼ਿਟ ਪੁਆਇੰਟਾਂ (ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਗੁਰੂਦੁਆਰਾ ਸਾਹਿਬ, ਮੰਦਰ ਆਦਿ) ’ਤੇ ਬੱਚਿਆਂ ਨੂੰ ਪੋਲਿਓ ਦਵਾਈ ਪਿਲਾਈ ਜਾਵੇਗੀ। ਇਸ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਵੀ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਲੋਕਾਂ ਨੂੰ ਆਪਣੇ ਬੱਚਿਆ ਦੇ ਪੋਲੀਓ ਵੈਕਸੀਨ ਪਿਲਾਉਣ ਦੀ ਅਪੀਲ ਕੀਤੀ ਹੈ।