ਸੁਭਾਸ਼ ਚੰਦਰ
ਸਮਾਣਾ, 18 ਸਤੰਬਰ
ਮੰਡੀਆਂ ਵਿਚ ਝੋਨੇ ਦੀ ਅਗੇਤੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਸਮਾਣਾ ਦੀ ਅਨਾਜ ਮੰਡੀ ਵਿਚ ਬਾਸਮਤੀ ਕਿਸਮ-1509 ਦੀ ਆਮਦ ਉਪਰੰਤ ਪਲੇਠੀ ਬੋਲੀ ਨਵੀਂ ਬਣੀ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਸੰਧੂ ਅਤੇ ਸਮੂਹ ਮੈਂਬਰਾਂ ਨੇ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ,ਕੁਲਦੀਪ ਸਿੰਘ ਨਸੂਪੁਰ, ਸੁਰੇਸ਼ ਗਰਗ ਬੀਬੀਪੁਰ, ਸੁਸ਼ੀਲ ਕੁਮਾਰ ਕਾਕਾ, ਮੰਗਤ ਰਾਮ ਤਲਵੰਡੀ ਵਾਲੇ ਮੌਜੂਦ ਸਨ। ਅੱਜ ਵਪਾਰੀਆਂ ਵੱਲੋਂ ਸ਼ੁਰੂ ਕੀਤੀ ਬਾਸਮਤੀ ਕਿਸਮ 1509 ਦੀ ਖਰੀਦ 1900 ਤੋਂ 2080 ਤੱਕ ਪ੍ਰਤੀ ਕੁਇੰਟਲ ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 600 ਤੋਂ 700 ਰੁਪਏ ਪ੍ਰਤੀ ਕੁਇੰਟਲ ਘੱਟ ਹੈ। ਇਸ ਮੌਕੇ ਫਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਤੇ ਖੇਤੀਬਾੜੀ ਵਿਭਾਗ ਘੱਟ ਸਮੇਂ ਵਿਚ ਪੱਕਣ ਵਾਲੀਆਂ ਫਸਲਾ ਦੀ ਬਿਜਾਈ ਕਰਨ ਲਈ ਪਾਣੀ ਦੀ ਬੱਚਤ ਕਰਨ ਦਾ ਪ੍ਰਚਾਰ ਕਰ ਰਿਹਾ ਹੈ ਦੂਜੇ ਪਾਸੇ ਸਰਕਾਰ ਵੱਲੋਂ ਸਮਰਥਨ ਮੁੱਲ ਨਾ ਤੈਅ ਕਰਨ ਕਾਰਨ ਵਪਾਰੀਆਂ ਵੱਲੋਂ ਮਨਮਰਜ਼ੀ ਦੇ ਰੇਟ ਨਾਲ ਫਸਲ ਖਰੀਦੀ ਜਾ ਰਹੀ ਹੈ। ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪ੍ਰਦਮਨ ਸਿੰਘ ਵਿਰਕ ਨੇ ਦੱਸਿਆ ਕਿ ਝੋਨੇ ਦੀ ਫਸਲ ਦੀ ਲਈ ਖ੍ਰੀਦ ਕੇਂਦਰਾਂ ਤੇ ਸਾਫ-ਸਫਾਈ,ਪੀਣ ਵਾਲਾ ਪਾਣੀ ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੋੋੋੋ 30 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਹਿਲੇ ਦਿਨ ਤਿੰਨ ਹਜ਼ਾਰ ਕੱਟਿਆਂ ਦੀ ਆਮਦ ਹੋਈ ਹੈ।