ਖੇਤਰੀ ਪ੍ਰਤੀਨਿਧ
ਪਟਿਆਲਾ, 21 ਜੂਨ
ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਨੂੰ ਜਿੱਤਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਹਿ ਤਹਿਤ ਖੁਸ਼ਹਾਲੀ ਦੇ ਰਾਖਿਆਂ ਨੇ ਕੋਰੋਨਾਵਾਇਰਸ ਦੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਹੈ। ਜਿਸ ਦੌਰਾਨ ਜੀ.ਓ.ਜੀਜ ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਰਿਟਾ) ਡੀ.ਐਸ. ਗਰੇਵਾਲ ਦੀ ਅਗਵਾਈ ਹੇਠ ਤਹਿਸੀਲ ਮੁਖੀਆਂ ਨਾਲ ਮੀਟਿੰਗ ਵੀ ਕੀਤੀ ਜਿਸ ਦੌਰਾਨ ਕੋਵਿਡ-19 ਵਿਰੁੱਧ ਜਾਗਰੂਕਤਾ ਫੈਲਾਉਣ ਲਈ ਰਣਨੀਤੀ ਬਣਾਈ ਗਈ ਅਤੇ ਤਹਿਸੀਲ ਮੁਖੀ ਜੀਓਜੀਜ ਨੂੰ ਮਿਸ਼ਨ ਫ਼ਤਿਹ ਦੇ ਬੈਜ ਵੀ ਲਗਾਏ।ਬ੍ਰਿਗੇਡੀਅਰ ਗਰੇਵਾਲ ਨੇ ਕਿਹਾ ਕਿ ਜੀ.ਓ.ਜੀਜ਼ ਵੱਲੋਂ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ ਵਿਖੇ ਪਿੰਡਾਂ ’ਚ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਆਪਸੀ ਵਿੱਥ ਅਤੇ ਗ਼ੈਰਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਰਾਜਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਸੂਚਨਾ ਸਰਕਾਰ ਨੂੰ ਦੇਣੀ ਲਾਜ਼ਮੀ ਹੈ। ਇਸ ਮੌਕੇ ਜੀਓਜ਼ੀ ਦੇ ਉਪ ਜ਼ਿਲ੍ਹਾ ਮੁਖੀ ਕਰਨਲ ਐਨ.ਐਸ. ਸਿੱਧੂ, ਪਟਿਆਲਾ ਤਹਿਸੀਲ ਮੁਖੀ ਕਰਨਲ ਬਲਦੇਵ ਸਿੰਘ, ਨਾਭਾ ਦੇ ਮੁਖੀ ਕਰਨਲ ਜੇ.ਬੀ. ਸਿੰਘ, ਰਾਜਪੁਰਾ ਦੇ ਲੈਫ਼. ਕਰਨਲ ਹਰਚਰਨ ਸਿੰਘ, ਪਾਤੜਾਂ ਦੇ ਲੈਫ਼. ਕਰਨਲ ਰੁਪਿੰਦਰ ਸਿੰਘ ਸੇਖੋਂ, ਸਮਾਣਾ ਦੇ ਕਰਨਲ ਕੁਲਵਰਨ ਸਿੰਘ, ਦੂਧਨ ਸਾਧਾਂ ਦੇ ਮੁਖੀ ਲੈਫ਼. ਕਰਨਲ ਮਾਨ ਸਿੰਘ ਸਿੱਧੂ ਅਤੇ ਸੁਪਰਵਾਈਜ਼ਰ ਪਟਿਆਲਾ ਸੂਬੇਦਾਰ ਜਮੀਤ ਸਿੰਘ ਹਾਜ਼ਰ ਸਨ।