ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਜੁਲਾਈ
ਪਿੰਡ ਭੂਤਗੜ੍ਹ ਦਾ ਇੱਕ ਬਜ਼ੁਰਗ ਕਿਸਾਨ ਆਪਣੀ ਧੀ ਦੀ ਜ਼ਮੀਨ ਬਚਾਉਣ ਲਈ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਗੇੜੇ ਲਾ ਕੇ ਥੱਕ ਚੁੱਕਿਆ ਹੈ। ਬਜ਼ੁਰਗ ਨੇ ਸਪੱਸ਼ਟ ਕੀਤਾ ਕਿ ਜੇਕਰ ਉਸ ਦੀ ਧੀ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮੇਤ ਪਰਿਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਉਸ ਨੇ ਦੱਸਿਆ ਕਿ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਉਸ ਦੇ ਜਵਾਈ ਦੀ ਰਹਿਣ ਕੀਤੀ ਜ਼ਮੀਨ ਦੀ ਰਜਿਸਟਰੀ ਕੁਝ ਵਿਅਕਤੀਆਂ ਨੇ ਮਿਲੀਭੁਗਤ ਨਾਲ ਆਪਣੇ ਨਾਮ ਕਰਵਾ ਲਈ ਹੈ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਬਜ਼ੁਰਗ ਨੇ ਕਿਸਾਨ ਯੂਨੀਅਨ ਕੋਲ ਪਹੁੰਚ ਕਰਕੇ ਇਨਸਾਫ ਦਿਵਾਏ ਜਾਣ ਦੀ ਅਪੀਲ ਕੀਤੀ। ਇਸ ’ਤੇ ਕਿਸਾਨ ਯੂਨੀਅਨ ਨੇ ਮਦਦ ਦਾ ਭਰੋਸਾ ਦਿੱਤਾ। ਪਿੰਡ ਭੂਤਗੜ੍ਹ ਦੇ ਨਾਜਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪਿੰਡ ਬੱਲਰਾਂ ਵਿੱਚ ਵਿਆਹੀ ਹੋਈ ਹੈ। ਉਸ ਦਾ ਪਤੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ। ਉਸ ਦੀ ਧੀ, ਉਸ ਦੇ ਇਲਾਜ ਤੋਂ ਬਿਨਾਂ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਪਾਲ ਰਹੀ ਹੈ। ਪਿੰਡ ਬੱਲਰਾਂ ਦੇ ਹੀ ਵਿਅਕਤੀਆਂ ਨੇ ਉਸ ਜਵਾਈ ਦੇ ਦਿਮਾਗ਼ੀ ਪ੍ਰੇਸ਼ਾਨ ਹੋਣ ਦਾ ਫ਼ਾਇਦਾ ਉਠਾਉਂਦਿਆਂ ਉਸ ਦੀ 6 ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਲਈ। ਉਹ ਜ਼ਮੀਨ ਦਾ ਕਬਜ਼ਾ ਲੈਣ ਲਈ ਕਈ ਕਈ ਵਾਰ ਆ ਕੇ ਪਰਿਵਾਰ ਦੀ ਕੁੱਟਮਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਰਜਿਸਟਰੀ ਕਰਵਾ ਚੁੱਕੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲੀਸ ਉਸ ਦੇ ਨਾਬਾਲਗ ਦੋਹਤੇ ਨੂੰ ਵਾਰ-ਵਾਰ ਥਾਣੇ ਬੁਲਾ ਕੇ ਪ੍ਰੇਸ਼ਾਨ ਕਰ ਰਹੀ ਹੈ ਜਦੋਂ ਕਿ ਉਸ ਵੱਲੋਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਬਜ਼ੁਰਗ ਨੇ ਕਿਹਾ ਕਿ ਜੇਕਰ ਉਸ ਦੀ ਧੀ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮੇਤ ਪਰਿਵਾਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਣਗੇ।
ਪੁਲੀਸ ਨੇ ਦੋਸ਼ ਨਕਾਰੇ
ਥਾਣਾ ਮੁਖੀ ਮੂਨਕ ਨੇ ਕਿਹਾ ਕਿ ਨਾਬਾਲਗ ਬੱਚੇ ਨੂੰ ਵਾਰ ਵਾਰ ਥਾਣੇ ਬਲਾਉਣ ਦਾ ਦੋਸ਼ ਝੂਠਾ ਤੇ ਬੇਬੁਨਿਆਦ ਹੈ। ਪੁਲੀਸ ਵੱਲੋਂ ਕਿਸੇ ਵੀ ਧਿਰ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ ।