ਖੇਤਰੀ ਪ੍ਰਤੀਨਿਧ
ਪਟਿਆਲਾ, 16 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਹੋਰ ਮਹੱਤਵਪੂਰਨ ਬਣਾਉਣ ਹਿੱਤ ਜ਼ਿਲ੍ਹੇ ਵਿੱਚ ਬੂਥ ਪੱਧਰ ਉਪਰ ਚੋਣ ਮਿੱਤਰ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਮਿੱਤਰ ਰਵਾਇਤੀ ਸਿੱਖਿਆ ਤੋਂ ਬਾਹਰ ਦੇ ਨੌਜਵਾਨਾਂ ਵਿੱਚੋਂ ਬਤੌਰ ਵਾਲੰਟੀਅਰ ਨਿਯੁਕਤ ਕੀਤੇ ਜਾਣਗੇ।
ਹਰ ਇੱਕ ਚੋਣ ਮਿੱਤਰ ਨੂੰ 50 ਘਰਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਚੋਣ ਮਿੱਤਰ ਹਰ ਘਰ ਵਿੱਚ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਵੋਟਰ, ਜਿਸ ਦੀ ਉਮਰ 18 ਸਾਲ ਦੀ ਹੋ ਗਈ ਹੈ, ਦੀ ਵੋਟ ਬਣਾਉਣ ਵਿਚ ਮਦਦ ਕਰਨਗੇ। ਆਮ ਨਾਗਰਿਕਾਂ ਨੂੰ ਆਦਰਸ਼ ਚੋਣ ਜ਼ਾਬਤੇ, ਵੋਟਰ ਹੈਲਪਲਾਈਨ ਐਪਸ ਬਾਰੇ ਜਾਣਕਾਰੀ ਦੇਣਗੇ ਅਤੇ ਹਰ ਇੱਕ ਯੋਗ ਵੋਟਰ ਦੀ ਵੋਟ ਦਾ ਭੁਗਤਾਨ ਯਕੀਨੀ ਬਣਾਉਣਗੇ। ਵਧੀਆ ਚੋਣ ਡਿਊਟੀ ਕਰਨ ਵਾਲੇ ਵਾਲੰਟੀਅਰ ਚੋਣ ਮਿੱਤਰਾਂ ਨੂੰ ਮੁੱਖ ਚੋਣ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਚੋਣ ਕਾਨੂੰਗੋ ਕੁਲਜੀਤ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।