ਖੇਤਰੀ ਪ੍ਰਤੀਨਿਧ
ਘਨੌਰ, 2 ਮਈ
ਵਿਧਾਨ ਸਭਾ ਹਲਕਾ ਘਨੌਰ ਤੋਂ ਵਾਰੋ ਵਾਰੀ ਵਿਧਾਇਕ ਰਹਿ ਚੁੱਕੇ ਅਜਾਇਬ ਸਿੰਘ ਮੁਖਮੈਲਪੁਰ (ਸਾਬਕਾ ਮੰਤਰੀ) ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਮੁਖਮੈਨਪੁਰਾ (ਸਾਬਕਾ ਵਿਧਾਇਕਾ) ਨੇ ਆਪਣੀ ਰਿਾਇਸ਼ ’ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਉਮੀਦਵਾਰ ਐਨ. ਕੇ ਸ਼ਰਮਾ ਦੇ ਹੱਕ ’ਚ ਆਪਣੇ ਸਮਰਥਕਾਂ ਦੀ ਵੱਡੀ ਇਕੱਤਰਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਸ਼ਰਮਾ ਦੀ ਡਟਵੀਂ ਹਮਾਇਤ ਕਰਨ ਦਾ ਭਰੋਸਾ ਦਿਵਾਇਆ।
ਜ਼ਿਕਰਯੋਗ ਹੈ ਕਿ ਮੁਖਮੈਲਪੁਰ ਜੋੜੇ ਦੇ ਸਮਰਥਕਾਂ ’ਚ ਰੋਸ ਰਿਹਾ ਹੈ ਕਿ ਇਹ ਦੋਵੇਂ ਪਤੀ ਪਤਨੀ ਘਨੌਰ ਹਲਕੇ ਤੋਂ ਵਿਧਾਇਕ ਰਹੇ ਹੋਣ ਦੇ ਬਾਵਜੂਦ ਹਲਕਾ ਇੰਚਾਰਜ ਹੋਰ ਨੂੰ ਲਾ ਦਿੱਤਾ ਗਿਆ ਹੈ ਜਿਸ ਕਰਕੇ ਮੁਖਮੈਲਪੁਰ ਪਰਿਵਾਰ ਅਤੇ ਇਨ੍ਹਾਂ ਦੇ ਵੱਡੀ ਗਿਣਤੀ ਹਮਾਇਤੀ ਪਿਛਲੇ ਸਮੇਂ ਤੋਂ ਤਕਰੀਬਨ ਸ਼ਾਂਤ ਹੀ ਬੈਠੇ ਸਨ। ਉਨ੍ਹਾਂ ਦਾ ਹਲਕਾ ਘਨੌਰ ਵਿਚ ਚੰਗਾ ਆਧਾਰ ਹੈ ਤੇ ਹੁਣ ਵੱਡੀ ਚੋਣ ਮੀਟਿੰਗ ਕਰਦਿਆਂ, ਉਨ੍ਹਾ ਨੇ ਮੁੜ ਸਰਗਰਮੀਆਂ ਤੇਜ ਕਰ ਦਿਤੀਆਂ ਹਨ। ਇਸ ਮੌਕੇ ਅਜੈਬ ਮੁਖਮੈਲਪੁਰ ਅਤੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਸਮਾਗਮ ’ਚ ਪੁੱੱਜੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ।